ਕਹਾਣੀਆਂ

(ਜੋਧਾ ਜੁਗਾੜੀ)
(ਲੜੀਵਾਰ ਕਹਾਣੀ )
"ਭੁੱਲਣਹਾਰ" ਗੁਰਮੇਲ
ਤਪੇ ਬੈਠੇ ਆਂ ਬਾਈ ਜੀ
ਮੈਂ ਅਤੇ  ਜੋਧਾ ਪਟਿਆਲੇ ਤੋਂ ਆ ਰਹੇ ਸੀ ਅਤੇ ਤਪਾ ਮੰਡੀ ਵਿਖੇ ਰੋਇਲ ਰੈਸਟੋਰੈਂਟ ਤੇ ਕਿਸੇ ਮਿੱਤਰ ਕੋਲ ਬੈਠੇ ਸਾਂ. ਜਗਤ ਮਾਮੇ ਦਾ ਜੀਅ ਤਾਸ਼ ਦੀ ਬਾਜ਼ੀ ਲਾਉਣ ਨੂੰ ਕਰਦਾ ਸੀ , ਓਹ ਡਾਕਟਰ  ਸੁਰੇਸ਼ ਭਰਮਤੋੜ ਕੋਲ ਜਾਕੇ ਕਹਿਣ ਲੱਗਾ , "ਬੁਲਾ ਤੇਰੇ ਆੜੀ ਨੂੰ ਮੈਂ ਆਪਣੇ ਆੜੀ ਨੂੰ ਫੋਨ ਤੇ ਬੁਲਾ ਲਿਆ. ਡਾਕਟਰ ਸੁਰੇਸ਼ ਨੇ ਮੇਰਾ ਪਤਾ ਕਰਨ ਲਈ ਜੋਧੇ ਜੁਗਾੜੀ ਨੂੰ ਫੋਨ ਕਰਕੇ ਪੁਛਿਆ ਕਿ ਜੋਧੇ ਕਿਥੇ ਓਂ ? ਜੋਧਾ ਜੁਗਾੜੀ ਤਪਾ ਮੰਡੀ ਵਿਖੇ ਚਾਹ ਪੀ ਰਿਹਾ ਸੀ , ਚਾਹ ਪੀਂਦੇ ਪੀਂਦੇ ਜੋਧੇ ਨੇ ਜਵਾਬ ਦਿੱਤਾ , ਬਾਈ ਜੀ ਤਪੇ ਬੈਠੇ ਆਂ . ਡਾਕਟਰ ਭਰਮਤੋੜ ਨੇ ਪੁੱਛਿਆ , ਤੇਰੇ ਸਾਹਬ ਕਿਥੇ ਐ ? ਜੋਧੇ ਨੇ ਜਵਾਬ ਦਿੱਤਾ , ਓਹ ਵੀ ਤਪੇ ਬੈਠੇ ਐ . ਡਾਕਟਰ ਨੇ ਸੋਚਿਆ ਓਹ ਕਿਸੇ ਨਾਲ ਲੜ ਪਏ ਲਗਦੇ ਐ ਡਾਕਟਰ ਨੇ ਸਾਡੇ ਘਰ ਫੋਨ ਲਾਇਆ ਤਾਂ ਮੇਰੇ ਘਰ ਵਾਲੀ ਨੇ ਚੁੱਕਿਆ . ਓਹ ਮੇਰੀ ਘਰ ਵਾਲੀ ਨੂੰ ਕਹਿਣ ਲੱਗਾ ਭਾਬੀ ਜੀ ਮੈਂ ਜੋਧੇ ਨੂੰ ਫੋਨ ਕੀਤਾ ਸੀ , ਜੋਧਾ ਤੇ ਬਾਈ ਤਪੇ ਬੈਠੇ ਆ . ਪਤਾ ਨੀ ਕੀ ਗੱਲ ਐ , ਤੁਸੀਂ ਪਤਾ ਕਰੋ .  ਮੇਰੇ ਘਰ ਵਾਲੀ ਕਹਿੰਦੀ ਇਹ ਕੋਈ ਅੱਜ ਦਾ ਕੰਮ ਐਂ , ਓਹ ਤਾਂ ਰੋਜ਼ ਈ ਤਪੇ ਰਹਿੰਦੇ ਐ . ਤਪੇ ਰਹਿਣ ਦੇ ਮੈਥੋਂ ਨੀਂ ਮੱਥਾ ਮਾਰੀਦਾ ਓਹਨਾ ਨਾਲ . ਘੰਟੇ ਕੁ ਬਾਅਦ ਅਸੀਂ ਘਰ ਆ ਗਏ ਤਾਂ ਮੇਰੀ ਘਰ ਵਾਲੀ ਗੁੱਸੇ ਚ' ਲਾਲ ਸੁਰਖ ਹੋਈ ਬੈਠੀ ਸੀ .ਅਸੀਂ ਪਟਿਆਲੇ ਤੋਂ ਗੋਪਾਲ ਸਵੀਟਸ ਤੋਂ ਓਹਦੇ ਲਈ ਭੱਲੇ ਤੇ ਪਾਪੜੀਆਂ  ਲੈ ਕੇ ਆਏ ਸੀ . ਮੈਂ ਸੋਚਿਆ ਸੀ ਅੱਜ ਤਾਂ ਖੁਸ਼ ਰਹੂ. ਪਰ ਓਹ ਪਹਿਲਾਂ ਹੀ ਟਿਕੀਆਂ ਵਾਲੀ ਕੜਾਹੀ ਵਾਂਗੂ ਤਪੀ ਬੈਠੀ ਸੀ. ਓਹ ਟਰੇਅ ਵਿਚ ਪਾਣੀ ਦੇ ਗਿਲਾਸ ਲਿਆਈ ਪਰ ਓਹਦੇ ਸੇਕ ਨਾਲ ਪਾਣੀ ਵੀ ਗਰਮ ਲੱਗਣ ਲਗ ਗਿਆ ਮੈਨੂੰ ਕਹਿੰਦੀ ਅੱਜ ਕੀਹਦੇ ਨਾਲ ਲੜ ਕੇ ਆਏ ਹੋ ? ਮੈਂ ਕਿਹਾ ਲੜਾਈ ਮੈਂ ਤੇਰੇ ਤੋਂ ਬਗੈਰ ਹੋਰ ਕੀਹਦੇ ਨਾਲ ਕਰ ਸਕਦਾਂ ? ਬਾਹਰ ਕੋਈ ਟੱਕਰਦਾ ਹੀ ਨੀ ਤੇਰੇ ਵਰਗਾ ਲੜਨ ਨੂੰ . ਓਹ ਹੋਰ ਚਿੰਗਾੜੇ ਛੱਡਣ ਲਗ ਪਈ . ਪਾਣੀ ਪੀ ਕੇ ਮੈਂ ਭੱਲੇ ਤੇ ਪਾਪੜੀਆਂ ਕੱਢਕੇ ਕਿਹਾ ਭਾਗਵਾਨੇ ਅੱਜ ਕੀ ਗੱਲ ਹੋਈ ਐਂ , ਸਾਰੇ ਘਰ ਵਿਚੋਂ ਸੇਕ ਮਾਰੀ ਜਾਂਦੈ . ਭੱਲੇ , ਪਾਪੜੀਆਂ ਦੇਖ ਕੇ ਓਹ ਦਿੱਲੀ ਦੇ ਸਿਪਾਹੀ ਵਾਂਗੂ ਰੰਗ ਬਦਲ ਗਈ ਤੇ ਕਹਿਣ ਲੱਗੀ ਕਿ ਡਾਕਟਰ ਭਰਮਤੋੜ ਦਾ ਫੋਨ ਆਇਆ ਸੀ , ਓਹ ਕਹਿੰਦਾ ਸੀ ਤਪੇ ਬੈਠੇ ਆ , ਲੜ੍ਹੇ ਹੋਣਗੇ ਕਿਸੇ ਨਾਲ , ਤੁਸੀਂ ਪਤਾ ਕਰੋ . ਮੈਂ ਦਸਿਆ ਕਿ ਅਸੀਂ ਤਪੇ ਨਹੀਂ ਸੀ ਬਲਕਿ ਤਪਾ ਮੰਡੀ ਬੈਠੇ ਸੀ . ਮੱਥੇ ਤੇ ਹੱਥ ਮਾਰਕੇ ਕਹਿੰਦੀ ਫ਼ੋਟ , ਜੈ ਵੱਡੀ ਦਾ ਭਰਮਤੋੜ ਮੈਨੂੰ ਐਵੇਂ ਘਰੇ ਬੈਠੀ ਨੂੰ ਤਪਾ ਦਿੱਤਾ ਓਹਨੇ . ਮੈਂ ਕਿਹਾ ਇਹ ਤਾਂ ਜੋਧੇ ਜੁਗਾੜੀ ਦਾ ਜੁਗਾੜ ਐ , ਇਹਨੇ ਡਾਕਟਰ ਨੂੰ ਕਹਿਤਾ ਹੋਊ ਕਿ ਅਸੀਂ ਤਪੇ ਬੈਠੇ ਆਂ.
**********0**********
ਟਿਕਟ ਆਹ ਸੀ
ਇੱਕ ਵਾਰੀ ਜੋਧਾ ਹੰਨੂਮਾਨਗੜ੍ਹ ਤੋਂ ਰੇਲ ਗੱਡੀ ਤੇ ਸੰਗਤ ਮੰਡੀ ਤੱਕ ਆਇਆ ਤਾਂ ਸੰਗਤ ਮੰਡੀ ਦੇ ਸਟੇਸ਼ਨ ਤੇ ਉਤਰਨ ਵੇਲੇ ਪਲੇਟਫਾਰਮ ਤੋਂ ਉਲਟ ਪਾਸੇ ਉਤਰ ਕੇ ਤੁਰ ਪਿਆ . ਟੀ.ਟੀ. ਨੇ ਜੋਧੇ ਨੂੰ ਦੇਖ ਲਿਆ ਤੇ ਅਵਾਜ਼ ਮਾਰੀ ਓਏ ਰੁਕ ! ਅਵਾਜ਼ ਸੁਣ ਕੇ ਜੋਧਾ ਭੱਜ ਲਿਆ , ਮਗਰ ਹੀ ਟੀ.ਟੀ. ਭੱਜ ਲਿਆ ਬਈ ਵਗੈਰ ਟਿਕਟ ਹੋਣੈ , ਟੀ.ਟੀ. ਸੋਚਾਂ ਲੱਗਾ ਓਹਨੂੰ ਫੜਕੇ ਓਹਤੋਂ ਜੁਰਮਾਨਾ ਲਵਾਂਗੇ .ਜੋਧਾ ਕਦੇ ਹੌਲੀ ਭੱਜੇ ਕਦੇ ਤੇਜ਼ . ਟੀ.ਟੀ. ਨੂੰ ਇੱਕ ਕਿਲੋਮੀਟਰ ਮਗਰ ਭਜਾ ਕੇ ਖੜ ਗਿਆ ਤੇ ਟੀ.ਟੀ. ਨੂੰ ਕਹਿਣ ਲੱਗਾ ਦੱਸ ਬਾਈ ਤੂੰ ਮੇਰੇ ਮਗਰ ਕਿਓਂ ਭੱਜਿਆ ਆਉਣੈ ? ....ਤਾਂ ਟੀ.ਟੀ. ਨੇ ਜੋਧੇ ਦੀ ਬਾਂਹ ਫੜ੍ਹਕੇ ਕਿਹਾ ਟਿਕਟ ਦਿਖਾ , ਜੋਧੇ ਨੇ ਟਿਕਟ ਜੇਬ ਚੋਂ ਕੱਢੀ  ਤੇ ਟੀ.ਟੀ. ਨੂੰ ਦਿਖਾ ਕੇ ਕਹਿਣ ਲੱਗਾ .....ਟਿਕਟ ਆਹ ਸੀ . ਟੀ.ਟੀ. ਕਦੇ ਜੋਧੇ ਵੱਲ ਵੇਖੇ ਕਦੇ ਸਟੇਸ਼ਨ ਵੱਲ , ਕਿ  ਕਿਲੋਮੀਟਰ ਐਵੈਂ ਹੀ ਭੱਜੇ ਪਾਗਲ ਮਗਰ , ਬੁੜ-ਬੁੜ ਕਰਦਾ ਟੀ.ਟੀ. ਸਟੇਸ਼ਨ ਨੂੰ ਮੁੜ ਗਿਆ . ਜੋਧਾ ਕਹਿੰਦਾ ਬਾਈ ਤੇਰੇ ਵਰਗੇ ਵੀਹ ਭਜਾਈਦੇ ਐ ਆਥਨ ਤੱਕ .

"ਭੁੱਲਣਹਾਰ" ਗੁਰਮੇਲ 9888310979

 *******************************************************************

ਰਿੰਕੂ ਸ਼ੈਣੀ
ਇੱਕ ਦਿਨ ਦਾ ਸੱਚ 
ਰੱਬ ਆਪਣੀ ਦੁਨੀਆਂ ਨੂੰ ਦੇਖ ਕਾਫੀ   ਦੁਖੀ ਬੈਠਾ ਸੀ . ਰੱਬ ਜੀ ਦੀ ਘਰਵਾਲੀ ਤੋਂ ਰੱਬ ਜੀ ਨੂੰ ਇੰਝ ਦੁਖੀ ਬੈਠਾ ਦੇਖ ਰਿਹਾ ਨਾ ਗਿਆ , ਉਸਨੇ ਰੱਬ ਤੋਂ ਇਸਦਾ ਕਾਰਣ ਪੁੱਛਿਆ . ਰੱਬ ਬੋਲੇ "ਭਾਗਵਾਨੇ ! ਦੇਖ ਮੇਰੀ ਬਣਾਈ ਦੁਨੀਆਂ ਦਾ ਕੀ ਹਾਲ ਹੋ ਗਿਆ . ਲੋਕ ਝੂਠ ਤੇ ਝੂਠ ਬੋਲ ਰਹੇ ਨੇ ਤੇ ਮੇਰੀਆਂ ਵੀ ਝੂਠੀਆਂ ਕਸਮਾਂ ਖਾਈ ਜਾਂਦੇ ਨੇ . ਹਰ ਪਾਸੇ ਝੂਠ ਦਾ ਬੋਲਬਾਲਾ ਹੈ ਤੇ ਸੱਚੇ ਨੂੰ ਤਸੀਹੇ ਮਿਲ ਰਹੇ ਨੇ . ਤੂੰ ਹੀ ਦੱਸ ਭਾਗਵਾਨੇ ਮੈਂ ਦੁਖੀ ਨਾ ਹੋਵਾਂ ਤਾਂ ਹੋਰ ਕੀ ਕਰਾਂ "? ਰੱਬ ਜੀ ਦੀ ਘਰਵਾਲੀ ਨੇ ਰੱਬ ਜੀ ਨੂੰ ਬੇਨਤੀ ਕੀਤੀ ਕਿ ਤੁਸੀਂ ਇਸ ਸ੍ਰਿਸ਼ਟੀ ਦੇ ਮਲਿਕ ਹੋ , ਤੁਸੀਂ ਦੁਨੀਆਂ ਵਿਚੋਂ ਆਪਣੀ ਸ਼ਕਤੀ ਨਾਲ ਝੂਠ ਨੂੰ ਖਤਮ ਕਰ ਦੇਵੋ . ਰੱਬ ਨੇ ਇੰਝ ਕਰਨ ਤੋ ਮਨਾ ਕਰ ਦਿੱਤਾ . ਰੱਬ ਦੇ ਘਰਵਾਲੀ ਵੀ ਜਿੱਦੀ ਸੀ . ਘਰਵਾਲੀ ਦੇ ਜੋਰ ਪਾਉਣ ਤੇ ਅਖੀਰ ਰੱਬ ਜੀ ਮੰਨ ਗਏ . ਰੱਬ ਜੀ ਆਪਣੀ ਸ਼ਕਤੀ ਨਾਲ ਇਕ ਦਿਨ ਲਈ ਝੂਠ ਨੂੰ ਦੁਨੀਆਂ ਚੋਂ ਖਤਮ ਕਰ ਦਿੱਤਾ . ਉਸਤੋਂ ਬਾਅਦ ਲੋਕ ਚਾਹੁੰਦੇ ਹੋਏ ਵੀ ਝੂਠ ਨਹੀਂ ਬੋਲ ਸਕਦੇ ਸਨ . ਜੋ ਵੀ ਝੂਠ ਬੋਲਨਾ ਚਾਹੁੰਦਾ ਸੀ , ਉਸਦੇ ਮੂਹੋਂ ਸੱਚ ਹੀ ਨਿਕਲਦਾ . ਜਿਸ ਕਾਰਣ ਕਾਫੀ ਪੰਗੇ ਪੈਂਦੇ . ਜਦ ਕੋਈ ਨੇਤਾ ਸਟੇਜ ਤੇ ਖੜਾ ਹੋ ਕੇ ਲੋਕਾਂ ਨੂੰ ਭਾਸ਼ਣ ਦਿੰਦਾ ਤਾਂ ਓਹਦੇ ਮੂਹੋਂ ਵੀ ਸੱਚ ਹੀ ਨਿਕਲਦਾ ਕਿ ਲੋਕਾਂ ਲਈ ਓਹ ਕੀ ਸੋਚਦਾ ਹੈ , ਜਿਸ ਕਾਰਣ ਲੋਕਾਂ ਵਲੋਂ ਨੇਤਾ ਦੀ ਰੱਜ ਕੇ ਪਿਟਾਈ ਕੀਤੀ ਜਾਂਦੀ . ਕਿਓਂ ਕਿ ਓਹ ਜਨਤਾ ਲਈ ਬਹੁਤ ਬੁਰੀ ਸੋਚ ਰੱਖਦਾ ਸੀ , ਜੋ ਉਸ ਨੇ ਆਪਣੇ ਭਾਸ਼ਣ ਵਿਚ ਬੋਲ ਦਿੱਤਾ ਸੀ . ਇੱਕ ਦੇਸ਼ ਦੂਜੇ ਦੇਸ਼ਾਂ ਲਈ ਕੀ ਤਿਆਰੀ ਕਰ ਰਹੇ ਸਨ , ਵੈਸੇ ਤਾਂ ਸਭ ਕੁਛ ਛੁਪਾ ਲਿਆ ਜਾਂਦਾ ਸੀ ਪਰ ਅੱਜ ਮੀਡਿਆ ਸਾਹਮਣੇ ਸਭ ਸੱਚ ਬੋਲ ਰਹੇ ਸਨ . ਜਿਸ ਕਾਰਣ ਦੂਜੇ ਦੇਸ਼ ਨੂੰ ਪਤਾ ਚੱਲ ਗਿਆ ਕੇ ਇਹ ਤਾਂ ਹਮਲਾ ਕਰਨ ਦੀ ਤਿਆਰੀ ਵਿੱਚ ਨੇ ਤੇ ਯੁੱਧ ਜੈਸੇ ਹਾਲਾਤ ਪੈਦਾ ਹੋ ਗਏ . ਵਿਦਿਆਰਥਨ ਕੁੜੀਆਂ ਨੇ ਆਪਣਾ ਅਧਿਆਪਕ ਕੁੱਟ ਦਿੱਤਾ ਜੋ ਓਹਨਾ ਪ੍ਰਤੀ ਮਾੜੀ ਸੋਚ ਰੱਖਦਾ ਸੀ . ਭਰਾ ਭਰਾ ਨੂੰ ਮਾਰ ਰਿਹਾ ਸੀ ਕਿਓਂ ਕਿ ਇੱਕ ਤਾਂ ਭਰਾ ਸਾਰੀ ਜਮੀਨ ਹੱੜ੍ਹਪਣੀ ਚਾਹੁੰਦਾ ਸੀ ਤੇ  ਦੂਜਾ ਆਪਣੀ ਭਰਜਾਈ ਤੇ ਬੁਰੀ ਨਜ਼ਰ ਰੱਖਦਾ ਸੀ. ਸੱਚ ਕਾਰਣ ਸਾਰੀ ਦੁਨੀਆਂ ਉਥਲ-ਪਥਲ ਹੋ ਗਈ ਸੀ . ਹਰ ਪਾਸੇ ਖੂਨ ਖਰਾਬਾ ਹੋ ਰਿਹਾ ਸੀ . ਰੱਬ ਨੇ ਜਦ ਇਹ ਸਭ ਦੇਖਿਆ ਤਾਂ ਓਹ ਪਹਿਲਾਂ ਨਾਲੋਂ ਵੀ ਜਿਆਦਾ ਦੁਖੀ ਹੋ ਗਿਆ . ਰੱਬ ਨੂੰ ਪਤਾ ਚੱਲ ਗਿਆ ਕੇ ਝੂਠ ਨੇ ਦੁਨੀਆਂ ਵਿਚ ਐਸੀ ਜਗਾਹ ਬਣਾ ਲਈ ਹੈ  ਜਿਸ ਬਿਨ੍ਹਾ ਹੁਣ ਦੁਨੀਆਂ ਚੱਲ ਨਹੀਂ ਸਕਦੀ . ਇਹ ਝੂਠ ਹੀ ਹੈ ਜਿਸ ਨਾਲ ਦੁਨੀਆਂ ਚੱਲ ਰਹੀ ਹੈ . ਰੱਬ ਨੇ ਦੁਬਾਰਾ ਆਪਣੀ ਸ਼ਕਤੀ ਨਾਲ ਝੂਠ ਨੂੰ ਦੁਨੀਆਂ ਤੇ ਭੇਜ ਦਿੱਤਾ ਤੇ ਅੱਜ ਵੀ ਦੁਨੀਆਂ ਉਸ ਝੂਠ ਸਹਾਰੇ ਚੱਲਦੀ ਹੈ ...
**********0**********
ਗੰਗਾ ਇਸ਼ਨਾਨ
ਸ਼ਰਮਾਂ ਜੀ ਅੱਜ ਆਪਣੀ ਘਰਵਾਲੀ ਤੇ ਆਪਣੇ ਸਾਲ ਦੇ ਬੇਟੇ ਵਿਸ਼ਵ ਨਾਲ ਹਰੀਦੁਆਰ ਵਿਖੇ ਘੁਮੰਣ ਲਈ ਆਏ ਹੋਏ ਸਨ। ਉਨਾਂ ਦਾ ਬੇਟਾ ਵਿਸ਼ਵ ਕਾਫੀ ਤੇਜ ਸੀ ਵਿਸਵ ਦੀ ਆਮ ਬੱਚਿਆ ਵਾਂਗ ਆਦਤ ਸੀ ਕਿ ਹਰ ਗੱਲ ਦੀ ਗਹਰਾਈ ਤੱਕ ਜਾਣ ਦੀ ਕੋਸ਼ਿਸ਼ ਕਰਦਾ। ਸ਼ਰਮਾਂ ਜੀ ਵਿਸ਼ਵ ਨੂੰ  ਹਰ ਮੰਦਿਰ ਬਾਰੇ ਉਥੋ ਦੀ  ਮਹੱਤਤਾ ਦੱਸ ਰਹੇ ਸਨ

"
ਪਾਪਾ ਪਾਪਾ ਇਹ ਮੂਰਤੀ ਕਿਸ ਦੀ ਹੈ"
"
ਬੇਟਾ ਇਹ ਹੈ ਲਕਸ਼ਮੀ ਮਾਤਾ "
"
ਪਾਪਾ ਇਸ ਲਕਸ਼ਮੀ ਮਾਤਾ ਦੀ ਫੋਟੋ ਤਾਂ ਆਪਣੇ ਘਰ ਵੀ "
"
ਹਾਂ ਹਾਂ ਉਹੀ ਉਹੀ ਬੇਟਾ"
"
ਪਾਪਾ ਲੋਕ ਲਕਸ਼ਮੀ ਮਾਤਾ ਨੂੰ ਕਿਉਂ ਪੂਜਦੇ ਨੇ"
"
ਬੇਟਾ ਇਹ ਮਾਤਾ ਪੈਸਾ ਦਿੰਦੀ ਤ੍ਹੇ ਤਾਹੀਉ ਤਾਂ ਇਸਨੂੰ ਲਕਸਮੀ ਮਾਤਾ ਕਹਿੰਦੇ ਨੇ ਤ੍ਹੇ ਪੂਜਦੇ ਨੇ"
"
ਪਾਪਾ ਮਾਤਾ ਤੁਹਾਨੂੰ ਪੈਸਾ ਕਿਉਂ ਨੀ ਦਿੰਦੀ। ਤੂਸੀ ਵੀ ਤਾਂ ਉਸਨੂੰ ਪੂਜਦੇ ਹੋ"
"
ਬੇਟਾ ਮਾਤਾ ਮੈਨੂੰ ਵੀ ਪੈਸਾ ਦਿੰਦੀ "
"
ਪਾਪਾ ਤੂਸੀ ਫਿਰ ਕੰਮ ਕਿਉ ਜਾਂਦੇ ਹੋ ਜੇ ਮਾਤਾ ਹੀ ਤੁਹਾਨੂ ਪੈਸੇ ਦਿੰਦੀ "
"
ਬੇਟਾ ਤੈਨੂੰ ਬਾਅਦ ' ਸਮਝਾਉ ਚੱਲ ਅੱਗੇ ਚੱਲੀਏ" ਇੰਨਾ ਕਹਿੰਦੇ ਹੋਏ ਸਰਮਾਂ ਸਾਹਬ ਅੱਗੇ ਚੱਲ ਪਏ।ਹੁਣ ਵਾਰੀ ਆਈ ਗੰਗਾ ਇਸ਼ਨਾਨ ਦੀ। ਸ਼ਰਮਾਂ ਜੀ ਨੇ ਚਾਦਰਾ ਬੰਨਿਆ ਤੇ ਵਿਸ਼ਵ ਨੂੰ ਵੀ ਫੜ ਕੇ ਗੰਗਾ ਵਿੱਚ ਲਜਾਕੇ ਡੂਬਕੀ ਲਵਾਉਣ ਲੱਗੇ। ਵਿਸ਼ਵ ਦਾ ਫਿਰ ਸ਼ੈਤਾਨੀ ਦਿਮਾਗ ਚੱਲਿਆ ਤੇ ਸ਼ਰਮਾ ਜੀ ਨੂੰ ਬੋਲਿਆ 

"
ਪਾਪਾ ਲੋਕ ਇੱਥੇ ਨਹਾਉਂਦੇ  ਕਿਉ ਨੇ"

"
ਬੇਟਾ ਇਥੇ ਜੋ ਆਪਣੇ ਦੂਆਰਾ ਕੀਤੇ ਪਾਪ ਹੋਣ ਤੇ ਮੰਨ ਦਾ ਮੈਲ ਹੋਵੇ ਉਹ ਇੱਥੇ ਸਾਰੇ ਧੁਲ ਜਾਂਦੇ ਨੇ ਤੇ ਬੰਦੇ ਨੂੰ ਇਂਝ ਕਰਨ ਨਾਲ ਅਗਲੇ ਜਨਮ ਵਿੱਚ ਸਵਰਗ ਮਿਲਦਾ ਬੰਦੇ ਨੂੰ ਹਰ ਪੰਜ ਸਾਲ ਬਾਦ ਇੱਕ ਵਾਰ ਇੱਥੇ ਆਕੇ ਜਰੂਰ 'ਹਰ ਕੀ ਪੋੜੀ' ਤੇ ਗੰਗਾ ਡੂਬਕੀ ਲਾਉਣੀ ਚਾਹੀਦੀ ਹੈ। ਮੈਂ ਵੀ ਹਰ ਪੰਜ ਸਾਲ ਬਾਦ ਕੇ ਇਥੇ ਜਰੂਰ ਇਸ਼ਨਾਨ ਕਰਦਾ"

"
ਪਾਪਾ ਤੁਸੀ ਫਿਰ ਪਾਪ ਕਰਦੇ ਹੀ ਕਿਉਂ ਹੋ,ਨਾ ਤੁਸੀ ਪਾਪ ਕਰੋਗੇ ਨਾ ਤੁਹਾਨੂੰ ਇੱਥੇ ਆਉਣ ਦੀ ਲੋੜ ਪਵੇਗੀ"
ਇੰਨੀ ਗੱਲ ਸੁਣਦੇ ਹੀ ਸ਼ਰਮਾਂ ਸਾਹਬ ਨੂੰ ਗੰਗਾ ਦੇ ਪਾਣੀ ਵਿੱਚ ਖੜੇ ਖਵੇ ਹੀ ਪਸੀਨਾ ਗਿਆ ਸੀ। ਸ਼ਰਮਾਂ ਜੀ ਕੋਲ ਬੱਚੇ ਦੀ ਇਸ ਸਵਾਲ ਦਾ ਕੋਈ ਜਵਾਬ ਨਹੀ ਸੀ
ਰਿੰਕੂ ਸ਼ੈਣੀ 93567-60007 
**************************************************************
.........ਫਿੱਕੀ ਪੈ ਗਈ ਚਿਹਰੇ ਦੀ ਨੁਹਾਰ

ਮਨੀ ਮਹਿਰਾਜ

(ਮਿੰਨੀ ਕਹਾਣੀ )
ਕਲ੍ਹ ਦੀ ਗੱਲ ਹੈ , ਮੈਂ ਤੇ ਮੇਰਾ ਵੱਡਾ ਭਰਾ ਕਿਸੇ ਕੰਮ ਲਈ ਬੱਸ ਤੇ ਮੋਗੇ ਜਾ ਰਹੇ ਸਾਂ . ਰਸਤੇ ਵਿੱਚ ਇੱਕ ਪਿੰਡੋਂ ਇੱਕ ਬੱਚਾ ਆਪਣੇ ਦਾਦੇ ਨਾਲ ਚੜਿਆ . ਬਹੁਤ ਹੀ ਪਿਆਰਾ ਜਿਹਾ ਸੀ . ਛੁਟੀਆਂ ਹੋਣ ਕਰਕੇ ਓਹ ਆਪਣੇ ਦਾਦੇ ਨਾਲ ਆਪਣੇ ਨਾਨਕੇ ਪਿੰਡ ਜਾ ਰਿਹਾ ਸੀ . ਬੱਸ ਵਿੱਚ ਭੀੜ ਜਿਆਦਾ ਹੋਣੇ ਕਰਕੇ ਮੈਂ  ਓਹਨੂੰ ਗੋਦੀ ਵਿੱਚ ਬਿਠਾ ਲਿਆ ਤੇ ਪੁੱਛਿਆ , ਬੇਟੇ ਕਿਹੜੀ ਕਲਾਸ ਵਿੱਚ ਪੜਦੇ ਹੋ . ਬੱਚਾ ਕਹਿੰਦਾ ,ਅੰਕਲ ਨਰਸਰੀ ਵਿੱਚ, ਕੋਨਮਿੰਟ ਸਕੂਲ ਵਿੱਚ ਪੜਦਾ ਹਾਂ  . ਮੈਂ ਕਿਹਾ ਤੂੰ ਗੁਡ ਬੁਆਏ ਹੈਂ ਕਿ ਬੈਡ ਬੁਆਏ , ਜਿਸ ਤਰਾਂ ਆਪਾਂ ਬੱਚਿਆਂ ਨਾਲ ਲਾਡ ਲੜਾਉਂਦੇ ਪੁੱਛ ਲੈਂਦੇ ਹਾਂ , ਓਹ ਕਹਿੰਦਾ ਮੈਂ ਗੁੱਡ ਬੁਆਏ ਹਾਂ , ਮੈਂ ਓਹਨੂੰ ਕਿਹਾ ਕਿ ਬੇਟੇ ਤੂੰ ਸਕੂਲ ਵਿੱਚ ਕੀ ਪੜਦਾ ਹੁੰਨਾ , ਚੱਲ ਸੁਣਾ .  ਕਹਿੰਦਾ ਅੰਕਲ ਸੁਣਾਵਾਂ " ਏ ਫਾਰ ਐਪਲ , ਬੀ ਫਾਰ ਬੈਟ " ਇਸ ਤਰਾਂ ਉਸਨੇ ਸਾਰੀ ਏ,ਬੀ,ਸੀ, ਸੁਣਾ ਦਿੱਤੀ . ਸਫ਼ਰ ਲੰਬਾ ਸੀ ਤੇ ਬੱਚੇ ਦੀਆਂ ਪਿਆਰ ਭਰੀਆਂ ਗੱਲਾਂ ਦਾ ਆਨੰਦ ਆ ਰਿਹਾ ਸੀ , ਬਾਅਦ ਵਿੱਚ ਓਹਨੂੰ ਕਿਹਾ ਕਿ ਚੱਲ ਬੇਟੇ ਹੁਣ ਪੰਜਾਬੀ ਸੁਣਾ ਤਾਂ ਉਹ ਬੱਚਾ ਬੋਲਿਆ "ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ ...ਹਵਾ ਦੇ ਬੁੱਲੇ " ਮੈਂ ਬੜਾ ਹੱਸਿਆ ਤੇ ਕਿਹਾ ਨਹੀਂ ਬੇਟੇ ਪੰਜਾਬੀ ਸੁਣਾ ਤਾਂ ਓਹ ਸੁਣਾਉਣ ਲੱਗਾ "ਲੱਕ ਟਵੰਟੀ ਏਟ ਕੁੜੀ ਦਾ , ਫੋਰਟੀ ਸੈਵਨ ਵੈਟ ਕੁੜੀ ਦਾ " ਇਸ ਤਰਾਂ  ਉਸ ਕੋਨਮਿੰਟ ਸਕੂਲ ਦੇ ਬੱਚੇ ਨੇ ਸਾਰੀ ਪੰਜਾਬੀ ਸੁਣਾ ਦਿੱਤੀ .
- ਮਨੀ ਮਹਿਰਾਜ 9464478988


**************************************************************
ਕਹਾਣੀਕਾਰ ਲਾਲ ਸਿੰਘ
ਅੱਧੇ-ਅਧੂਰੇ
ਕਿਸੇ ਮੋਟਰ-ਗੱਡੀ ਦੀ ਲੱਥੀ ਹੱਥ ‘ ਚ ਲੱਕੜ ਵਾਲੀ ਲੋਹੇ ਦੀ ਹਥੌੜੀ ਲਗਾਤਾਰ ਵੱਜੀ । ਸਕੂਲ ਲੱਗਣ ਦੀ ਇਹ ਤੀਜੀ ਘੰਟੀ ਸੀ । ਸਕੂਲ ਹੈੱਡ ਰਾਮਪਾਲ ਸਟਾਫ਼ ਸਮੇਤ ਪ੍ਰਾਰਥਨਾ ਥੜ੍ਹੇ ਲਾਗੇ ਜਾ ਖੜੋਇਆ । ਘੜੀਆਂ ਪਲਾਂ ਹੀ ਸਾਰੇ ਬੱਚੇ ਸਵੇਰ ਦੀ ਸਭਾ ਲਈ ਆ ਜੁੜੇ । ਗਿੱਲ ਪੀ . ਟੀ . ਆਈ ਨੇ ਥੜ੍ਹੇ ਦੀ ਮੂਹਰਲੀ ਬਾਹੀ ‘ ਖੜੋ ਕੇ ਕੱਸਵਾਂ ਕਾਸ਼ਨ ਦਿੱਤਾ-ਸਾਵੇਂ ……। ਉਸੇ ਹੀ ਸੁਰ ‘ ਚ ਉਸ ਦਾ ਇਹ ਆਗਲਾ ਕਾਸ਼ਨ ਸੀ । ਇਹਨਾਂ ਵਿਦਿਆਰਥੀ ਸਾਵਧਾਨ ਹੋ ਗਏ । ਵਿੱਸ਼ ….! ਉਸੇ ਹੀ ਸੁਰ ‘ ਚ ਉਸ ਦਾ ਇਹ ਅਗਲਾ ਕਾਸ਼ਨ ਸੀ । ਇਹਨਾਂ ਦੀ ਮਸ਼ਕ ਉਸਨੇ ਕਈ ਵਾਰ ਕੀਤੀ । ਫਿਰ ਸਭ ਨੂੰ ਉਸਨੇ ਪ੍ਰਾਰਥਨਾ ਮੁਦਰਾ ‘ ਚ ਖੜ੍ਹੇ ਕਰ ਲਿਆ । ਨੌਵੀਂ ਦਾ ਗੁਰਮੇਲ , ਅੱਠਵੀਂ ਦਾ ਹਰਜੀਤ , ਛੇਵੀਂ ਦਾ ਪਿੰਕੀ ਆਪਣੇ ਆਪ ਥੜ੍ਹੇ ‘ ਤੇ ਆ ਚੜ੍ਹੇ । ਵਾਰੀ ਸਿਰ । ਉਹਨਾਂ ਦਾ ਚੌਥਾ ਸਾਥੀ ਦੀਪੂ ਅਜੇ ਸਕੂਲ ਨਹੀਂ ਸੀ ਪੁੱਜਾ । ਸਕੂਲ ਮੁਖੀ ਰਾਮਪਾਲ ਸਮੇਤ ਉਹਨਾਂ ਇਕ-ਦੋ ਵਾਰ ਉਸਦੀ ਜਮਾਤ ਵੱਲ , ਸਕੂਲ ਨੂੰ ਆਉਂਦੇ ਪੱਕੇ ਰਾਹ ਵੱਲ ਨਿਗਾਹ ਘੁਮਾਈ , ਉਹ ਕਿਧਰੇ ਵੀ ਦਿਖਾਈ ਨਾ ਦਿੱਤਾ । ਦੀਪੂ ਉਸ ਦਿਨ ਥੋੜ੍ਹਾ ਕੁ ਪਛੜ ਕੇ ਪੁੱਜਾ ਸੀ ਸਕੂਲ । .. ਸਾਹੋ ਸਾਹ ਹੋਏ ਨੇ ਉਸਨੇ ਛੇਤੀ ਦੇ ਕੇ ਆਪਣਾ ਬਸਤਾ ਪਹਿਲੇ ਟਾਟ ਦੇ ਅਖੀਰਲੇ ਸਿਰੇ ਲਿਆ ਰੱਖਿਆ । ਆਪਣੀ ਜਮਾਤ ਵਾਲੀ ਕਤਾਰ ‘ ਚ ਸਭ ਤੋਂ ਪਿੱਛੋਂ ਜਾ ਖੜੋਣ ਦੇ ਇਰਾਦੇ ਨਾਲ ਉਹ ਦੌੜਨ ਹੀ ਲੱਗਾ ਸੀ ਕਿ ਉਹ ਮੁੜ ਝੇਂਪ ਗਿਆ ।
ਸੁੱਕੇ ਟਾਂਡਿਆਂ ਵਰਗੀਆਂ ਬੱਗੀਆਂ ਨੰਗੀਆਂ ਲੱਤਾਂ ਉਸ ਪਾਸੇ ਵੱਲ ਜਾਣੋਂ ਜਿਵੇਂ ਅੜ ਹੀ ਖਲੋਈਆਂ ।
ਉਹਨੀਂ ਪੈਰੀਂ ਮੁੜਦੇ ਨੇ ਉਸਨੇ ਵੱਡੀ ਗਰਾਊਂੜ ‘ਚ ਖੜ੍ਹੇ ਅਧਿਆਪਕਾਂ , ਵਿਦਿਆਰਥੀਆਂ ਤੋਂ ਅੱਖ ਬਚਾ ਕੇ ਬੁੱਢੀ ਟਾਹਲੀ ਤੇ ਮੋਟੇ ਤਣੇ ਉਹਲੇ ਸ਼ਰਨ ਲੈ ਲਈ ।
ਕੱਚੀ ਥਾਂ ‘ ਤੇ ਵਿਛੇ ਪੰਜਾਂ ਟਾਟਾਂ ਉੱਤੇ ਛਤਰੀ ਬਣੀ ਮੋਟੀ ਭਾਰੀ ਟਾਹਲੀ ਨੇ ਜਿਵੇਂ ਉਸਨੂੰ ਆਪਦੀ ਬੁੱਕਲ ‘ ਚ ਲੁਕਦਾ ਕਰ ਲਿਆ ਸੀ ।
‘ ਜੋਂ ਮਾਂਗੇ ਠਾਕੁਰ ਅਪਨੇ ਸੋਏ , ਸੋਈ ਸੋਈ ਦੇਵੈ …. ‘‘ ਦਾ ਪੂਰਾ ਸ਼ਬਦ , ਸਾਰੇ ਵਿਦਿਆਰਥੀ , ਗੁਰਮੇਲ –ਹਰਜੀਤ- ਪਿੰਕੀ ਦੇ ਪਿੱਛੇ –ਪਿੱਛੇ ਹੇਕ ਲਾ ਕੇ ਪੜ੍ਹ ਹਟੇ । ਪਿੱਛੇਂ ਅਰਦਾਸ ਕਰਨੀ ਸੀ । ਉਹ ਤਿੰਨਾਂ ‘ ਚੋਂ ਆਉਂਦੀ ਨਹੀਂ ਸੀ ਕਿਸੇ ਨੂੰ । ਬਾਰੀ ਕਿਸੇ ਜੁੱਟ ਦੀ ਵੀ ਹੁੰਦੀ , ਅਰਦਾਸ ਦੀਪੂ ਨੂੰ ਹੀ ਕਰਨੀ ਪੈਂਦੀ । ਹੋਰ ਕਿਸੇ ਨੇ ਸਿੱਖੀ ਨਾ । ਜਿਸ ਦਿਨ ਦੀਪੂ ਢਿੱਲਾ-ਮੱਠਾ , ਬੀਮਾਰ-ਠਮਾਰ ਹੁੰਦਾ , ਸਕੂਲ ਨਾ ਆਉਂਦਾ , ਪ੍ਰਾਰਥਨਾ ਸਭਾ ਬਿਨਾਂ ਅਰਦਾਸ ਕੀਤਿਆਂ ਮੁਕਾ ਲਈ ਜਾਂਦੀ ।
ਉਸ ਦਿਨ ਤਾਂ ਉਸਨੂੰ ਜਮਾਤ ਤੱਕ ਪੁੱਜਦਿਆਂ ਕਈਆਂ ਨੇ ਦੇਖ ਲਿਆ ਸੀ ।
ਸਾਹਮਣੇ ਖੜ੍ਹੇ ਬੱਚਿਆਂ ਦੀ ਘੁਸਰ-ਮੁਸਰ ਤੋਂ ਸਕੂਲ ਪੀ . ਟੀ . ਆਈ ਤੱਕ ਸੂਚਨਾ ਪੁੱਜੀ ਕਿ ਦੀਪੂ ਟਾਹਲੀ ਉਹਲੇ ਐ , ਸਕੂਲ ਪੀ.ਟੀ.ਆਈ . ਦੇ ਤੇਵਰ ਦੇ ਪੂਰੇ ਉੱਪਰ ਨੂੰ ਚੜ੍ਹ ਗਏ - ‘ ਉਸਦੇ ਸਕੂਲ ‘ ਚ ਐਹੋ ਜਿਹੀ ਹਿਮਾਕਤ …. ।‘
‘‘ ਓਏ ਦੀਪੂ ਕੇ ਬੱਚੇ , ਐਧਰ ਆ ਜਾ ਛੇਤੀ , ਜਾਨ ਚਾਹੀਦੀ ਐ ਤਾਂ ….! ਆ ਜਾ ਫੱਟਾ-ਫੱਟ …. ! ਲੈਨਾਂ ਮੈਂ ਤੇਰੀ ਖ਼ਬਰ ਵੱਡ ਗਿਆਨੀ ਦੀ ,ਕੁੱਤੀਏ ਕਾਤੇ …! ‘’
ਸਕੂਲ ਪੀ ਟੀ ਆਈ ਅੰਦਰਲਾ ਗਿੱਲ ਪੀ ਟੀ ਆਈ , ਜਿਵੇਂ ਇੱਕੋ ਵਾਰਗੀ ਜਾਗ ਉਠਿਆ । ਉਸਨੂੰ ਜਿਵੇਂ ਚੇਤਾ ਹੀ ਨਾ ਰਿਹਾ ਕਿ ਉਹ ਆਪਣੇ ਖੇਤੀਂ ਕੰਮ ਲੱਗੇ ਕਿਸੇ ਕੰਮੀਂ-ਕਾਮੇ ਦੀ ਝਾੜ-ਝੰਭ ਕਰ ਰਿਹੈ , ਜਾਂ ਸਕੂਲ ਸ਼ਿਸ਼ਟਾਚਾਰ ਦੀ ਹੱਦ-ਹਦੂਦ ਅੰਦਰ ਖੜ੍ਹਾ ‘ ਗੈਰਹਾਜ਼ਰ ‘ ਵਿਦਿਆਰਥੀ ਨੂੰ ਹਾਜ਼ਰ ਕਰ ਰਿਹੈ ।
ਸਹਿਮਿਆ ਡਰਿਆ ਦੀਪੂ ਟਾਹਲੀ ਉਹਲਿਉਂ ਨਿਕਲ ਕੇ ਸਕੂਲ ਗਰਾਊਂਡ ਵੱਲ ਨੂੰ ਹੋ ਤੁਰਿਆ । ਥੜ੍ਹੇ ਤੱਕ ਪੁਹੰਚਦਿਆਂ ਉਸਨੇ ਸਾਰੇ ਅੰਗ-ਪੈਰ ਪੰਜ-ਭੱਖ ਚੜ੍ਹੇ ਬੁਖਾਰ ਨਾਲ ਕੰਬਦੀ ਦੇਹ ਵਾਂਗ ਕੰਬਣ ਲੱਜ ਪਏ ।
ਸਕੂਲ ਪੀ ਟੀ ਆਈ ਨੂੰ ਉਸਦੀ ਢਿੱਲੀ-ਢਿਲਕੀ ਤੋਰ , ਹੋਰ ਵੀ ਤਲ਼ਖੀ ਚਾੜ੍ਹ ਗਈ । ਪ੍ਰਾਰਥਨਾ –ਥੜ੍ਹੇ ਦੀਆਂ ਤਿੰਨਾ ਪਉੜੀਆਂ ਚੜ੍ਹਨ ਲਈ ਦੀਪੂ ਨੇ ਪਹਿਲੀ ਪਉੜੀ ‘ ਤੇ ਇਕ ਪੈਰ ਧਰਿਆ ਹੀ ਸੀ ਕਿ ਠਾਅ ਕਰਦੀ ਬੈਂਤ ਉਸਦੀਆਂ ਨੰਗੀਆਂ ਪਿੰਨੀਆਂ ‘ ਚ ਆ ਵੱਜੀ । ਨਾਲ਼ ਹੀ ਜ਼ੋਰਦਾਰ ਦਬਾਕਾ - ‘‘ ਸਾਲਿਆ ਕੱਲਰ ਉਤਰਿਆ ਆ ਤੇਰੀਆਂ ਲੱਤਾਂ ‘ ਚ ! ਹਿੱਲ ਮਰ ਨਈ ਹੁੰਦਾ ….. ਕੁੱਤਿਆ ਤਖਾਣਾਂ …. ਵਰਦੀ ਨਈ ਪਾਈ …..! ‘‘
‘‘ ਹਾਏ ਓਏ ਮਰ ਗਿਆ ਓਏਏ ….‘‘ ਦੀਪੂ ਦੀ ਰੋਣ ਵਰਗੀ ਲੇਅਰ ਸਕੂਲ ਪੀ ਟੀ ਆਈ ਦੀ ਗਰਜਵੀਂ ਆਵਾਜ਼ ਹੇਠ ਦੱਬ ਹੋ ਕੇ ਸਾਹਮਣੇ ਖੜ੍ਹੇ ਬੱਚਿਆਂ ਤੱਕ ਚੀਸ ਬਣ ਕੇ ਫੈਲ ਗਈ ।
ਡਰਿਆ ਸਹਿਮਿਆ , ਹਟਕੋਰੇ ਭਰਦਾ ਦੀਪੂ ਉਸ ਦਿਨ ਰਟੀ-ਰਟਾਈ ਅਰਦਾਸ ਅੰਦਰ ,ਦਸਾਂ ਗੁਰੂਆਂ ਦੇ ਨਾਵਾਂ ਪਿੱਛੋਂ ਚਾਰ ਸਾਹਿਬਜ਼ਾਦਿਆਂ , ਪੰਜਾਂ ਪਿਆਰਿਆਂ , ਚਾਲੀ-ਮੁਕਤਿਆਂ ਸਮੇਤ ਅਨੇਕਾਂ ਸ਼ਹੀਦ ਸਿੰਘਾਂ-ਸਿੰਘਣੀਆਂ ਨੂੰ ਯਾਦ ਕਰਨਾ ਹੀ ਭੁੱਲ ਗਿਆ । ਸਿਹਤਦਾਨ,ਵਿਦਿਆਦਾਨ ,ਗਿਆਨਦਾਨ,ਦਾਨਾਂ ਸਿਰ ਦਾਨ ਸ੍ਰੀ ਅੰਮ੍ਰਿਤਸਰ ਸਾਬ੍ਹ ਜੀ ਦੇ ਦਰਸ਼ਨ ਅਸ਼ਨਾਨ ਵਰਗੀਆਂ ਅਨੁਪੂਰਕ ਮੰਗਾਂ ਵੀ ਉਸ ਤੋਂ ਅੱਗੜ੍ਹ-ਦੁੱਗੜ ਕਰਕੇ ਖਿੱਲਰ ਜਿਹੀਆਂ ਗਈਆਂ ।
ਬੈਂਤ ਦੀ ਪੀੜ ਤੇ ਵਰਦੀ-ਰਹਿਤ ਲੱਤਾਂ ਨੇ ਉਸਦੀ ਸੁਰਤੀ ਰੱਤੀ ਭਰ ਵੀ ਕਿਧਰੇ ਇਕਾਗਰ ਨਹੀਂ ਸੀ ਹੋਣ ਦਿੱਤੀ ।
ਘਰੋਂ , ਕਾਹਲ-ਕਾਹਲ ‘ ਚ ਘੁੱਗੂ ਬਣਾ ਕੇ ਖਾਧੀ ਰੋਟੀ ਵੀ ਅੱਧ-ਪਚੰਧੀ ਅਜੇ ਤੱਕ ਉਸਦੀ ਛਾਤੀ-ਵੱਖੀ ‘ ਚ ਫਸੀ ਪਈ ਸੀ ।
ਡੌਰ-ਭੌਰ ਹੋਇਆ , ਉਹ ਥੜ੍ਹੇ ਤੋਂ ਉਤਰ ਕੇ ਆਪਣੀ ਜਮਾਤ ਵਾਲੀ ਪਾਲ ਤੱਕ ਦੀ ਪਛਾਣ ਵੀ ਨਾ ਕਰ ਸਕਿਆ ।
ਮੁੱਖ ਅਧਿਆਪਕ ਰਾਮਪਾਲ ਨੂੰ ਉਸ ਦਿਨ ਦਾ ਵਰਤਾਰਾ ਬੇਹੱਦ ਅਜੀਬੋ-ਗਰੀਬ ਲੱਗਾ । ਉਸ ਅੰਦਰ ਦੀਪੂ ਲਈ ਹਮਦਰਦੀ ਨਾਲੋਂ ਵੱਧ ਸਕੂਲ ਪੀ ਟੀ ਆਈ ਲਈ ਰੰਜਸ਼ ਜਾਗ ਉੱਠੀ ।
ਪ੍ਰਾਰਥਨਾ ਸਭਾ ਮੁੱਕਣ ‘ ਤੇ ਉਸਨੇ ਸਕੂਲ ਪੀ ਟੀ ਆਈ ਨੂੰ ਦਫ਼ਤਰ ਸੱਦ ਕੇ ਆਪਣੇ ਅਹੁਦੇ ਦੇ ਪ੍ਰਭਾਵ ਅਧੀਨ ਉਸਨੂੰ ਚਿਤਾਰਨ ਵਰਗੀ ਸਲਾਹ ਦਿੱਤੀ - ‘‘ ਗਿੱਲ ਸਾਬ੍ਹ ਏਹ ਜਾਤਾਂ-ਗੋਤਾਂ ਦੀ ਗਾਲ੍ਹ ਸਕੂਲ ਦੀ ਹੱਦ – ਹਦੂਦ ਅੰਦਰ ਸੋਭਾ ਨਈ ਦਿੰਦੀ । ਇਕ ਤਾਂ ਅਧਿਆਪਕ ਦਾ ਆਪਣਾ ਮੂੰਹ ਗੰਦਾ ਹੁੰਦਾ ,ਸਤਿਕਾਰ ਘਟਦਾ ਉਸਦਾ ,ਦੂਜੇ …. ਦੂਜੇ ਹੀਣ-ਭਾਵਨਾ ਪੈਦਾ ਹੁੰਦੀ ਆ ਬੱਚੇ ‘ ਚ । ‘‘
‘’ ਹੀਣ-ਭਾਵਨਾ , ਕਾਦ੍ਹੀ ਹੀਣ-ਭਾਵਨਾ ! ਜੇੜ੍ਹਾ ਹੈ ਈ ਤਖਾਣ ਉਨ੍ਹੇ ਤਖਾਣ ਈ ਰ੍ਹੈਣਾਂ ... !ਉਹ ਭਾਮਾਂ ਮੁੱਖ ਮੰਤਰੀ ਛੱਡ ਕੇ ਰਾਸ਼ਟਰਪਤੀ ਬਣ ਜੇਏ .. ! ‘’
ਹੈੱਡਮਾਸਟਰ ਰਾਮਪਾਲ ਨੂੰ ਲੱਗਾ ਪੀ.ਟੀ.ਆਈ. ਨੇ ਉਸਦੀ ਗੱਲ ਦਾ ਉੱਤਰ , ਬਿਲਕੁੱਲ ਫ਼ਜੂਲ ਦਾ ਦਿੱਤਾ ਵੀ ਉਚ-ਜਾਤੀ ਥੱਮਲੇ ‘ਤੇ ਖੜ੍ਹੋ ਕੇ । ਦੀਪੂ ਦੀ ਪਛੜੀ ਜਾਤ ਦੇ ਨਾਲ-ਨਾਲ ਉਸਦੇ ਅਧਿਆਪਕ ਦੀ ਅਨੂਸੂਚਿਤ ਜਾਤੀ ਵੀ ਚਿਤਾਰ ਦਿੱਤੀ ਹੈ ।
ਉਸਦੀ ਸਿੱਧੀ-ਸਪਾਟ ਚੋਟ ਰਾਮਪਾਲ ਤੋਂ ਬਰਦਾਸ਼ਤ ਨਾ ਹੋਈ । ਨਾ ਉਹ ਚੁੱਪ ਰਹਿਣ ਜੋਗਾ ਰਿਹਾ , ਨਾ ਉਸ ਨਾਲ ਸਿੱਧਾ ਉਲਝਣ ਦੇ ਕਾਬਲ ਸਮਝਦਾ ਸੀ ਆਪਣੇ ਆਪ ਨੂੰ । ਓਪਰੀ ਥਾਂ ਹੋਣ ਕਰਕੇ ।
ਤਾਂ ਵੀ ਉਸਦੀ ਮੁੱਖ ਅਧਿਆਪਕੀ ਥੋੜ੍ਹਾ ਕੁ ਤਲਖ਼ ਜਰੂਰ ਹੋਈ ... ‘’ ਸਕੂਲ ਪੁੱਜ ਕੇ ਪੀ.ਟੀ.ਆਈ . ਨਾ ਕੋਈ ਤਰਖਾਣ ਹੁੰਦਾ , ਨਾ ਚਮਾਰ , ਨਾ ਜੱਟ । ਸਾਰੇ ਵਿਦਿਆਰਥੀ , ਵਿਦਿਆਰਥੀ ਹੁੰਦੇ ਆ , ਸਾਰੇ ਇੱਕ ਬਰਾਬਰ । ‘’
‘’ ਏਹ ਬੜੀ-ਬਰੋਬਰੀ ਸੱਭ ਕੇਹਣ-ਕਹਾਉਣ ਦੀਆਂ ਗੱਲਾਂ ਈ ਆਂ , ਮੂੰਹ ਜ਼ਬਾਨੀ ਦੀਆਂ ... ਤੁਸੀਂ ਬਓਤੀ ਨਾ ਰੈਅ ਕਰੋ ਏਨਾਂ ਦੀ ... ਏਹ ਕੁਤੀੜ ਸਾਲੀ ਹੈਗੀ ਏਸੇ ਲੈਕ ... ‘’, ਕਰੀਬ ਉਸ ਰੌਅ ‘ਚ ਬੋਲਿਆ ਸਕੂਲ ਪੀ.ਟੀ.ਆਈ. ਸਕੂਲ ਹੈੱਡ ਦੇ ਕਮਰੇ ‘ਚੋਂ ਉਹਨੀ ਪੈਰੀ ਬਾਹਰ ਚਲ ਗਿਆ ।
ਰਾਮਪਾਲ ਨੂੰ ਉਸਦੀ ਇਹ ਹਰਕਤ ਹੋਰ ਵੀ ਭੈੜੀ ਲੱਗੀ । ਉਸਦੇ ਕਮਰੇ ਦੀ ਗੱਦੇਦਾਰ ਕੁਰਸੀ , ਉਸਨੂੰ ਤਿੱਖੀਆਂ ਸੂਲਾਂ ਵਾਂਗ ਚੁਭਣ ਲੱਗ ਪਈ । .... ਉਸਨੂੰ ਲੱਗਾ ਕਿ ਜਾਤਾਂ-ਗੋਤਾਂ ਦੀ ਊਚ-ਨੀਚ ਨਾਲ ਅੱਟੇ ਪਏ ਉਸਦੇ ਆਲੇ-ਦੁਆਲੇ , ਰਾਹ-ਖਹਿੜੇ , ਘਰ –ਵਿਹੜੇ ਨੇ ਹੁਣ ਉਸਨੂੰ ਪੂਰੀ ਤਰ੍ਹਾਂ ਘੇਰ ਵਗਲ ਲਿਆ ਹੈ । ਉਸਦੀ ਪਿੱਠ ‘ਤੇ ਸਵਾਰੀ ਕਰ ਲਈ ਹੈ , ਪੱਕੀ-ਪੀਡੀ ! .... ਉਸਦਾ ਜੋਟੀਦਾਰ ਕੈਲਾ ਵੀ ਉਸ ਲਈ ਉਹ ਨਹੀਂ ਸੀ ਰਿਹਾ । ਚੜ੍ਹਦੀ ਪੱਤੀ ਵਾਲਾ ਕਰਨੈਲ । ਲੰਬੜਦਾਰ ਇੰਦਰ ਸਿੰਘ ਦਾ ਲੜਕਾ । ... ਦੋਨੋਂ ਇਕੱਠੇ ਪੜ੍ਹੇ ਸਨ , ਪਿੰਡ ਦੇ ਹਾਈ ਸਕੂਲੇ । ਲਾਗਲੇ ਸ਼ਹਿਰ ‘ਚ ਵੱਡੀ ਪੜ੍ਹਾਈ ਵੀ ਉਹਨਾਂ ਇਕੱਠਿਆਂ ਕੀਤੀ ਤੇ ਅਧਿਆਪਕੀ ਕੋਰਸ ਵੀ ਇਕੋ ਥਾਂ । ਕੈਲਾ ਖੇਡਾਂ ‘ਚ ਮੋਹਰੀ ਸੀ ,ਰਾਮੂ ਪੜ੍ਹਾਈ ‘ਚ ਅੱਵਲ । ਦੋਨੋਂ ਆਪਣੀ-ਆਪਣੀ ਥਾਂ ਕਪਤਾਨ । ਆਪਣੇ –ਆਪਣੇ ਖੇਤਰ ਦੇ ਨਾਇਕ । ਸਕੂਲੀ-ਕਾਲਜੀ ਉਹਨਾਂ ਦਾ ਬਹਿਣ-ਉੱਠਣ ਆਉਣ-ਜਾਣ ਵੀ ਇਕੱਠਾ ਰਿਹਾ ਸੀ । ਨਾ ਕੋਈ ਵੱਡਾ ਸੀ , ਨਾ ਕੋਈ ਛੋਟਾ । ਨਾ ਕੋਈ ਉੱਚਾ ਸੀ ,ਨਾ ਨੀਵਾਂ । ਪਰ ਹੁਣ ... ਹੁਣ ਥੋੜ੍ਹੇ ਕੁ ਚਿਰਾਂ ਤੋਂ ,ਬਰਾਦਰੀ ਹੋਂਦ ਨੂੰ ਉਭਾਰਦੀ ਦਲਿਤ ਲਹਿਰ ਨਾਲ ਜੁੜਕੇ ਰਾਮਪਾਲ ਮੁੜ ਤੋਂ ਉਹੀ ਸੀ : ਕੰਮੀ-ਕਮੀਣ, ਸ਼ਿੱਬੂ ਚਮਾਰ ਦਾ ਮੁੰਡਾ ਰਾਮੂ ਚਮਾਰ ਤੇ ਕੈਲਾ , ਕਰਨੈਲ ਸਿੰਘ ਵਲਦ ਇੰਦਰ ਸਿੰਘ ,ਲੰਬੜਦਾਰ । ਰੰਧਵਾ , ਖਾਲਸ ਜੱਟ । ਕਹਿੰਦਾ ਕਹਾਉਦਾ ਜ਼ਿਮੀਦਾਰ । ਸ਼ਿੱਬੂਕਿਆਂ ਦੇ ਟੱਬਰ ਨੂੰ ਦਿਹਾੜੀ –ਟੱਪਾ ਦੇਣ ਵਾਲਾ ਵੱਡਾ ਅਲਾਟੀਆ ।
ਪੜ੍ਹਾਈ ਮੁੱਕਦੀ ਕਰਕੇ ਉਹ ਦੋਨੋਂ ਇਕ-ਦੂਜੇ ਤੋਂ ਨਿੱਖੜਦੇ ਕਰੀਬ-ਕਰੀਬ ਕੱਟੇ ਜਿਹੇ ਗਏ । ਰਾਖਵੇਂ ਕੋਟੇ ‘ਚੋਂ ਰਾਮਪਾਲ ਨੂੰ ਕੈਲੇ ਨਾਲੋਂ ਪਹਿਲਾਂ ਮਿਲੀ ਸਕੂਲੀ ਅਧਿਆਪਕੀ ਦੋਨਾਂ ਵਿਚਕਾਰਲੀ ਵਿੱਥ ਨੂੰ ਕਿੰਨਾ ਸਾਰਾ ਹੋਰ ਵੱਡਾ ਕਰ ਗਈ ।
ਕੈਲੇ ਦੀ ਸਾਰੀ ਦੀ ਸਾਰੀ ਲੰਬੜਦਾਰੀ ਜਿਵੇਂ ਸੂਲੀ ਟੰਗੀ ਗਈ । ਭੱਜ-ਦੌੜ ਕਰਕੇ ਉਹ ਕਈ ਚਿਰ ਪਿੱਛੋਂ ਰਾਮਪਾਲ ਨਾਲ ਰਲਿਆ ਈ ਰਲਿਆ ਤਾਂ ਉਸਤੋਂ ਕਿੰਨਾ ਸਾਰਾ ਜੂਨੀਅਰ ਕਿੰਨਾ ਸਾਰਾ ਹੇਠਾਂ । ਇਕੋ ਸਕੂਲ ਦੇ ਇਕੋ ਸਟਾਫ਼-ਰੂਮ ‘ਚ ਬੈਠੇ ਵੀ ਉਹ ਇਕ-ਦੂਜੇ ਤੋਂ ਕੋਹਾਂ ਦੂਰ । ਬੋਲ-ਚਾਲ , ਗੱਲਬਾਤ ,ਲਗਭਗ ਬੰਦ । ਸਰਕਾਰੀ ਕੰਮ-ਕਾਰ ਹਿਤ ਜੇ ਕਿਧਰੇ ਮਾੜੀ-ਪਤਲੀ ਹੂੰ-ਹਾਂ ਕਰਨੀ ਪੈਂਦੀ ਤਾਂ ਐਵੇਂ ਰੁੱਸੀ-ਰੁੱਸੀ ਜਿਹੀ , ਸੜੀ –ਭੁੱਜੀ ਜਿਹੀ ।
.. ਪਦ ਉੱਨਤੀ ਕਰਕੇ ਕੈਲੇ ਤੋਂ ਕਾਫੀ ਦੂਰ ਆਏ ਰਾਮਪਾਲ ਨੂੰ ਲੱਗਾ ਕਿ ਉਸਦਾ ‘ ਜੋਟੀਦਾਰ ’ਕਰਨੈਲ ਉਸਤੋਂ ਪਹਿਲਾਂ ਹੀ ਉਸਦੇ ਨਵੇਂ ਸਕੂਲ ਪਹੁੰਚ ਗਿਆ ਹੈ । ਹੋਰ ਤਾਂ ਹੋਰ ਉਸਦੇ ਪਿਛਲੇ ਸਕੂਲ ਦਾ ਸਟਾਫ਼ ਰੂਮ ਵਰਤਾਰਾ ,ਇਸ ਸਕੂਲ ਦੇ ਸਾਰੇ ਕਲਾਸ ਕਮਰਿਆਂ , ਸਾਰੀਆਂ ਥਾਵਾਂ ਤੱਕ ਖਿੱਲਰ ਫੈਲ ਗਿਆ ਹੈ ।
ਪ੍ਰਾਰਥਨਾ ਸਭਾ ਪਿੱਛੋਂ ਉਸਦੇ ਆਪਣੇ ਦਫ਼ਤਰ ‘ਚ ਹੁਣੇ ਵਾਪਰੀ ਘਟਨਾ , ਉਸਦੇ ਸਾਰੇ ਵਜੂਦ ਨੂੰ ਸੜਦੀ ਬਲਦੀ ਜੂਹ ਅੰਦਰ ਸੁੱਟਦਾ ਕਰ ਗਈ ।
ਪਲ ਦੀ ਪਲ ਉਸਦੀ ਰੀਜ਼ਰਵ ਕਲਾਸ ਪਦ-ਉੱਨਤੀ ਉਸ ਨੂੰ ਸਰਾਪ ਜਿਹੀ ਜਾਪੀ । ਉਸਨੂੰ ਸਮਝ ਨਾ ਲੱਗੀ ਕਿ ਸਕੂਲ ਪੀ.ਟੀ.ਆਈ. ਅੰਦਰੋਂ ਰੁੱਖੇ ਭੱਦੇ ਬੋਲ , ਉਸਦੀ ਛੋਟੀ ਉਮਰ ਨੂੰ ਮਿਲੀ ਵੱਡੀ ਕੁਰਸੀ ਕਾਰਨ ਨਿਕਲੇ ਹਨ ਜਾਂ ਗਿੱਲ ਪੀ.ਟੀ.ਆਈ. ਦੀ ਵੱਡੀ ਉਮਰ ਹੇਠਲੀ ਨੀਵੀਂ ਕੁਰਸੀ ਨੂੰ ਹੋਈ ਰੰਜਸ਼ ਕਾਰਨ ।
ਤਰਲੋਮੱਛੀ ਹੋਇਆ ਉਹ ਝਟਕਾ ਜਿਹਾ ਮਰਕੇ ਉਠਦਾ ਕਮਰਿਓਂ ਬਾਹਰ ਖੜ੍ਹਾ ਹੋਇਆ ।
ਇਕ –ਦੋ ਨੂੰ ਛੱਡ ਕੇ ਸਾਰੇ ਅਧਿਆਪਕ ਆਪਣੀਆਂ ਜਮਾਤਾਂ ਵਿਚ ਜਾ ਚੁੱਕੇ ਸਨ। ਗਿੱਲ ਪੀ.ਟੀ.ਆਈ . ਉਸ ਨੂੰ ਕਿਧਰੇ ਦਿਖਾਈ ਨਾ ਦਿੱਤਾ । ਸਕੂਲ ਚੌਕੀਦਾਰ ਸਾਧੂ ਦਫ਼ਤਰੋਂ ਬਾਹਰ ਬੈਂਚ ‘ਤੇ ਬੈਠਾ ਕਿਸੇ ਡੂੰਘੀ ਥਾਂ ਡੁੱਬਾ ਪ੍ਰਤੀਤ ਹੁੰਦਾ ਸੀ ।
ਉਲਝੇ-ਬਿਖਰੇ ਰਾਮਪਾਲ ਨੇ ਸਾਧੂ ਚੌਕੀਦਾਰ ਨੂੰ ਥੋੜ੍ਹਾ ਕੁ ਕੱਸਵੀਂ ਆਵਾਜ਼ ਮਾਰੀ , ਅਕਾਰਨ । ਉਹ ਜਿਵੇਂ ਕਰੰਟ ਲੱਗਣ ਵਾਂਗ ਝੱਟ ਖੜ੍ਹਾ ਹੋ ਗਿਆ ‘’ ਜੀਈ ....ਸਾਬ੍ਹ...!’’
ਰਾਮਪਾਲ ਕੋਲ ਉਸਨੂੰ ਦੱਸਣ ਕਹਿਣ ਲਈ ਵੀ ਕੁਝ ਨਹੀਂ ਸੀ ।
‘’ ਗਿੱਲ ਸਾਬ੍ਹ ਨੂੰ ਬੁਲਾਈ । ... ਨਈ ਸੱਚ ਦੀਪੂ ਨੂੰ ਬੁਲਾਈਂ , ਕੇੜੀ ਜਮਾਤ ਆ ਭਲਾ ਦੀਪੂ ਦੀਈ ...?’’
‘’ ਜੀ ਸੱਤਵੀਂ ਜੀਈ ... ਭਾਈਆਂ ਕੇ ਦੀਪੂ ਦੀ ਸੱਤਮੀਂ ਜਮਾਤ ਆ ਜੀਈ ...।‘’ ਸਾਧੂ ਤਿੱਖੀ ਚਾਲੇ ਖੁੱਲੇ ਅਹਾਤੇ ਦੇ ਪਾਰਲੇ ਸਿਰੇ ਵੱਡੀ ਟਾਹਲੀ ਵੱਲ ਨੂੰ ਤੁਰਿਆ ਈ ਸੀ ਕਿ ਹੈੱਡਮਾਸਟਰ ਰਾਮਪਾਲ ਨੇ ਫਿਰ ਪਿੱਛਿਓਂ ਵਾਜ ਮਾਰ ਲਈ – ‘’ ਅੱਛਾ ਰੈਹਣ ਦੇ ਹਜੇ ... ਮੈਂ ....!’’
ਸਾਧੂ ਉਹਨੀ ਪੈਰੀ ਮੁੜਦਾ ਆਪਣੇ ਸਟੂਲ ਲਾਗੇ ਆ ਖੜ੍ਹਾ ਹੋਇਆ । ਸਕੂਲ ਮੁਖੀ ਦਾ ਅਗਲਾ ਆਦੇਸ਼ ਜਾਨਣ ਲਈ ।
ਰਾਮਪਾਲ ਘੜੀ ਪਲ ਚੁੱਪਚਾਪ ਖੜ੍ਹਾ ਰਿਹਾ । ਫਿਰ ... ਫਿਰ , ਉਸ ਅੰਦਰ ਰਿਝਦੀ-ਕੜ੍ਹਦੀ ਹਾਂਡੀ ਨੂੰ ਜਿਵੇਂ ਉਬਾਲ ਜਿਹਾ ਆਇਆ ਹੋਵੇ । ਥੋੜ੍ਹੇ ਕੁ ਜਿੰਨੇ ਬੇ-ਤਬਤੀਬੇ ਬੋਲ ਆਪ-ਮੁਹਾਰੇ ਉਸ ਦੇ ਮੂੰਹੋਂ ਨਿਕਲ ਦੇ ਸਾਧੂ ਚੌਕੀਦਾਰ ਵੱਲ ਨੂੰ ਵਧੇ – ‘’ ... ਆਹ ਜੇੜ੍ਹਾ ਪੀ.ਟੀ. ਆ ਸਾਧਾ ਸਿਆਂ ,ਕਦੋਂ ਕੁ ਦਾ ਆ , ਮੇਰਾ ਮਤਲਬ ਐਸ ਸਕੂਲ ਐਥੇ ? ‘’
‘’ਸਾਬ੍ਹ ਜੀ , ਏਹ ਸਰਦੈਰ ਹੋਣੀ ਐਥੇ ਐਬੇ ਈ ਆ ਜੀਈ ਮੁੱਢ ਤੋਂ । ਏਹ ਤਾਂ ਸਕੂਲ ਈ ਏਨ੍ਹਾਂ ਦਾ ਸੀਗਾ ਜੀਈ , ਏਨ੍ਹਾ ਦੇ ਭਾਪਾ ਜੀ ਦਾ , ਸਰਦਾਰ ਬਾਦ੍ਹਰ ‘ ਜਾਗਰ ਸੂੰਹ ਦਾ । ਏਹ ਤਾਂ ਜੀਈ ਥੋੜ੍ਹੇ ਕੁ ਚਿਰਾਂ ਤੋਂ ਸਰਕਾਰੂ ਹੋਇਆ , ਪਹਿਲੋਂ ਏਹੋ ਸਰਦਾਰ ਹੋਂਣੀ ਮਾਲਕ ਹੁੰਦੇ ਸੇਏ , ਐਥੇ ....।‘’
‘’ ਹੂੰਅ ... ਅ....ਅ...’’ ਰਾਮਪਾਲ ਅੰਦਰੋਂ ਨਿਕਲੀ ਲੰਮੀ ਹੂੰਅ ... ਅ ਵਿਚ ਦਰਦ ਸੀ ਜਾਂ ਹਿਰਖ , ਰੋਹ ਸੀ ਜਾਂ ਖਿਝ ,ਘੜੀ ਪਲ ਤਾਂ ਉਸਨੂੰ ਆਪ ਨੂੰ ਵੀ ਸਮਝ ਨਾ ਲੱਗੀ । ਤਾਂ ਵੀ । ਸਰਕਾਰੀ ਸੇਵਾ ‘ਚ ਆਉਣ ਤੋਂ ਪਹਿਲਾਂ , ਰਵੀਦਾਸ ਹਾਈ ਸਕੂਲ ਬਿਤਾਏ ਢਾਈ ਕੁ ਵਰ੍ਹੇ ਉਸਦੇ ਦਿਲ-ਦਿਮਾਗ ‘ਤੇ ਸੂਲ ਵਾਂਗ ਚੁਭ ਗਏ । ... ਕਿੰਨੀ ਖੁਸ਼ਾਮਦ ਕਰਨੀ ਪਈ ਸੀ ਉਸਨੂੰ ਪ੍ਰਧਾਨ , ਸਕੱਤਰ , ਮੈਨੇਜਰ ਸਮੇਤ ਸਾਰੇ ਪ੍ਰਬੰਧਕੀ ਅਮਲੇ ਦੀ । ਕੱਲੇ-ਕੱਲੇ ਦੇ ਗੋਡੀਂ ਹੱਥ ਲਾਉਣ ਪਿਆ ਸੀ । ਪਹਿਲਾਂ ਨੌਕਰੀ ਲੈਣ ਲਈ , ਪਿੱਛੋਂ ਦਿਨ-ਕਟੀ ਕਰਨ ਲਈ , ਖਾਸ ਕਰ ਕਮੇਟੀ ਪ੍ਰਧਾਨ ਦੇ , ਜਿਸ ਦੇ ਹੁਕਮ ਤੋਂ ਪੱਤਾ ਸੀ ਹਿਲਦਾ ਸਾਰੇ ਸਕੂਲ ‘ਚ ।
ਪ੍ਰਧਾਨ ਜੀ ਦੀ ਮੁੱਠੀ-ਚਾਪੀ ਉਸਨੂੰ ਕਈ ਚਿਰ ਕਰਨੀ ਪਈ ਸੀ । ਕਦੀ ਉਸ ਵੱਲੋਂ ‘ਹਾਂ’ ਹੋ ਜਾਂਦੀ ਕਦੀ ‘ ਨਾਂਹ ’ ।
ਆਖ਼ਰ ਉਸਦੇ ਪਿਓ ਸ਼ਿਬੂ ਨੇ ਪ੍ਰਧਾਨ ਜੀ ਦੀ ਕੁਟੀਆ ਪਹੁੰਚ ਕੇ ਜਾਣੋਂ ਉਸਦੇ ਪੈਰ ਹੀ ਫੜ ਲਏ ਸਨ। ਪ੍ਰਸੰਨ –ਚਿੱਤ ਹੋਏ ‘ ਬਾਬਾ ਜੀ ’ ਨੇ ਸ਼ਿੱਬੂ ਨੂੰ ਹਾਂ ਕਰ ਦਿੱਤੀ – ‘’ ਅੱਛਇਆ , ਭੇਜ ਦੇਨਾ ਲਟਕੇ ਕੋ ਆਸ਼ਰਮ , ਕਲ ਕੋਅ .... । ‘’
ਪਰ, ਥਾਂ-ਥਾਂ ਟੱਕਰਾਂ ਮਾਰਦੇ ਰਾਮਪਾਲ ਤੋਂ ਕਲ੍ਹ ਦੀ ਉਡੀਕ ਨਹੀਂ ਸੀ ਹੋਈ । ਉਹ ਉਸੇ ਸ਼ਾਮ ਉਸਦੇ ਆਸ਼ਰਮ ਜਾ ਪੁੱਜਾ ਸੀ । ਸਕੂਲ ਪ੍ਰਧਾਨ ‘ ਸੰਤ-ਮ੍ਹਾਰਾਜ ‘ ਉਚੇ ਗੱਦੇ-ਦਾਰ ਆਸਣ ‘ਤੇ ਬਿਰਾਜਮਾਨ ਸਨ , ਗੋਲ ਚੌਕੜੀ ਮਾਰੀ । ਪੂਰੀ ਸਾਧ ਬਿਰਤੀ । ਇਕ ਹੱਥ ਮਾਲਾ , ਲਿਸ਼ਲਿਸ਼ ਕਰਦੀ ਦਿੱਖ , ਆਲੇ-ਦੁਆਲੇ ਕਿੰਨੀ ਸਾਰੀ ਸੰਗਤ ।
ਰਾਮਪਾਲ ਸਾਰੇ ਦਾ ਸਾਰਾ ਨਿਵ ਕੇ , ਡੰਡੌਤ ਬੰਦਨਾ ਕਰਕੇ , ਉਸਦੇ ਨੇੜੇ ਜਿਹੇ ਹੋ ਕੇ ਜਾ ਬੈਠਾ ਸੀ ।
‘’ ਅੱਛਇਆ ਕਿਤਨੀ ਜਮਾਤੇ ਪੜ੍ਹਾ ਹੈਅ ਤੂੰ ... ? ‘’ ਗੱਦੀਦਾਰ ਪ੍ਰਧਾਨ ਨੇ ਪੈਂਦੀ ਸੱਟੇ ਉਸ ਨੂੰ ਸਵਾਲ ਕੀਤਾ ਸੀ ।
‘’ ਜੀ ਈ ਮੈਂ ਬੀ.ਐਸ.ਸੀ ., ਬੀ.ਐਡ. ਆਂ ....?’’
‘’ ਬੀ.ਸੀ. ਤੋਂ ਹੂਈ , ਤੂੰ ਮਾਸਟਰੀ ਵੀ ਪੜ੍ਹੀ ਐ ਨਾ ....? ‘’
ਰਾਮਪਾਲ ਨੂੰ ਉਸਦੀ ਅਗਿਆਨਤਾ ‘ਤੇ ਹਾਸਾ ਵੀ ਆਇਆ ਤੇ ਗੁੱਸਾ ਵੀ । ਉਹ ਅੰਦਰੋਂ ਅੰਦਰ ਜਿਵੇਂ ਕਲਪ ਉਠਿਆ ਸੀ , ਵਿਦਿਆ –ਖੇਤਰ ਨਾਲ ਹੋ ਰਹੇ ਖਿਲਵਾੜ ਤੋਂ ਖਿਝ ਉਠਿਆ ਸੀ । ਪਰ ਗੌਂਅ ਸੀ ਉਸਨੂੰ , ਲੋੜ ਉਸਨੂੰ ਸੀ , ਉਸਨੇ ਦੜ ਹੀ ਵੱਟੀ ਰੱਖੀ ਸੀ ।
ਝੱਟ ਹੀ ਲਾਗੇ ਬੈਠੇ ਸੇਵਕਾਂ ‘ਚੋਂ ਕਿਸੇ ਨੇ ‘ ਸੰਤ-ਮ੍ਵਾਰਾਜ ‘ ਨੂੰ ਵਿਆਖਿਆ ਕਰ ਸਮਝਾਈ ਸੀ – ‘’ ਏਸ ਲੜਕੇ ਦੀ ਪੜ੍ਹਾਈ ਬਹੁਤ ਵਧੀਆ ਐ , ਸਾਇੰਸ ਦੀ ਪੜ੍ਹਾਈ ਨਾਲ ਮਾਸਟਰੀ ਕੋਰਸ । ‘’
‘’ ਫਿਰ ਤੋਂ ਬਹੁਤ ਅੱਛੀ ਹੈਅ ... । ਹਾਂ ਤੋਂ ਮਾਸਟਰੀ ਨੌਕਰੀ ਕੇ ਸਾਥ-ਸਾਥ ਡੇਰੇ ਕੀ ਸੇਵਾ ਸੰਭਾਲ ਕਾ ਵੀ ਧਿਆਨ ਰੱਖਣਾ ... ਪਹਿਲੇ ਦੀ ਤਰ੍ਹਾਂ ਬੇ-ਮੁੱਖ ਨਾ ਹੋਨਾਂ ... । ‘’
ਰਾਮਪਾਲ ਕੋਲ ਉਸ ਸਮੇਂ ਸਕੂਲ ਪ੍ਰਧਾਨ ਨੂੰ ਸਤਿ – ਬਚਨ ਕਹਿਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ ਬਚਿਆ ,ਨਾ ਈ ਉਸ ਤੋਂ ਪਿਛੋਂ ।
ਉਹ ਪੂਰੀ ਤਰ੍ਹਾਂ ਵਿਆਕੁਲ ਹੋ ਉਠਦਾ ਸੀ , ਅੱਧੀ ਤਨਖਾਹ ਲੈ ਕੇ ਪੂਰੀ ‘ਤੇ ਦਸਤਖ਼ਤ ਕਰਨ ਲੱਗਾ ।
ਤਾਂ ਵੀ ਸਤਿ ਬਚਨ ।
ਪੂਰੇ ਢਾਈ ਸਾਲ ਉਹ ਕੰਨ ‘ ਚ ਪਾਇਆ ਨਹੀਂ ਸੀ ਰੜਕਿਆ , ਨਾ ਸਕੂਲ ਅੰਦਰ ,ਨਾ ਸਕੂਲੋਂ ਬਾਹਰ ।
ਸਾਧੂ ਚੌਕੀਦਾਰ ਦੇ ਅਧੀਨਗੀ ਭਰੇ ਵਤੀਰੇ ਦੀ ਉਸਨੂੰ ਇਕ-ਦਮ ਸਮਝ ਆ ਗਈ । ਪਰ , ਨਾਲ ਦੀ ਨਾਲ ਥੋੜ੍ਹਾ ਜਿੰਨਾ ਗੁੱਸਾ ਵੀ ਆਇਆ ਉਸਤੇ – ‘ ਹੁਣ ਕਾਦ੍ਹੀ ਲਾਚਾਰਗੀ ਸੀ ਉਸਨੂੰ । ਹੁਣ ਤਾਂ ਉਹ ਗੁਲਾਮ ਨਹੀਂ ਸੀ ਗਿੱਲ ਮਾਲਕਾਂ ਦਾ ! ਹੁਣ ਤਾਂ ਉਸਨੂੰ ... ਹੁਣ ਤਾਂ ਉਸਨੂੰ ਆਪਣੀ ਥਾਂ ...’, ਰਾਮਪਾਲ ਅੰਦਰ ਜਾਗੀ ਪਦਵੀ-ਹਉਂ ਝੱਟ ਹੀ ਜੁਬਾਨ ਤੱਕ ਆ ਪੁੱਜੀ – ‘ ਹੁਣ ਕਿੱਥੇ ਆ ਉਹ ...?’’
ਰਾਮਪਾਲ ਦਾ ਸੰਬੋਧਨ ਇਸ ਵਾਰ ਪਹਿਲਾਂ ਨਾਲੋਂ ਕਾਫੀ ਰੁੱਖਾ ਸੀ ।
‘’ ਕੌਣ ਜੀਈ ....? ਗਿੱਲ ਸੈਬ੍ਹ ....! ਉਹ ਤਾਂ ਚਲੇ ਗਏ ਹੋਣੇ ਆ ਜੀ ਕੋਠੀ । ਐਸਲੇ ਕੁ ਮੁੜ ਜਾਂਦੇ ਹੁੰਦੇ ਆ ਘਰ ਨੂੰ , ਲੱਸੀ ਪਾਣੀ ਪੀਣ ...। ‘’
‘’ ਮੁੜ ਜਾਂਦੇ ਹੁੰਦੇ ਆ ... ਲੱਸੀ ਪਾਣੀ ਪੀਣ ... ! ਏਹ ਸਕੂਲ ਆ ਕਿ ਭੰਗੜਖਾਨਾ ....? ਜਾਹ , ਜਾ ਕੇ ਲਿਆ ਬੁਲਾ ਕੇ । ਆਖੀ ਹੈਡਮਾਸਟਰ ਸਾਬ੍ਹ ਬੁਲਾਉਂਦੇ ਆ ਸਕੂਲੇ । ‘’
‘’ ਜੀ ਸਾਬ੍ਹ , ਪਰ ਜੀਈ ਕੋਈ ਹੋਰ ਤਰ੍ਹਾਂ ਦੇ ਬੰਦੇ ਆਏ ਹੋਣ ਘਰੇ ਤਾਂ ਵੀ ...। ‘’
‘’ ਹੋਰ ਤਰਾਂ ਦੇ ਕਿੱਦਾਂ ਦੇ ... ? ‘’
‘’ ਕੋਈ ਏਨ੍ਹਾ ਦੀ ਪਾਲਟੀ ਆਲਾ , ਕੋਈ ਲੀਡਰ-ਸ਼ੀਡਰ , ਕੋਈ ਸਰਕੈਰੀ ਅਫ਼ਸਰ ...! ਆਹ ਹੁਣ ਜਿਹੇ ਉਨ੍ਹਾਂ ਦੇ ਘਰੋਂ ਜੀਈ ਸਰਪੰਚਣੀ ਬਣੀ ਆ ਨਾ ਜੀਈ ... , ਸੌ ਆਇਆ –ਗਿਆ ਰ੍ਹੈਦਾਂ । ਆਪ ਤਾਂ ਬੀਬੀ ਜੀ ਜਾਂਦੇ –ਜੰਦੇ ਨ੍ਹਈ ਕਿਧਰੇ ... ਗਿੱਲ ਸੈਬ੍ਹ ਕਰਦੇ ਆ ਉਨ੍ਹਾਂ ਦੇ ਵੱਟੇ ਦਾ ਸਾਰਾ ਕੰਮ –ਕਾਜ , ਪੀ. ਟੀ. ਸੈਬ੍ਹ ...! ‘’
‘’ ਅੱਛਾ ਕੋਈ ਨੀਂ ਰੈਹਣ ਦੇ ... ਜਿਸ ਵੇਲੇ ਆਉਣ , ਸਿੱਧੇ ਦਫ਼ਤਰ ਭੇਜ ਦੇਈਂ .... । ‘’ ਸਕੂਲ ਮੁੱਖੀ ਦਾ ਸੰਬੋਧਨ ਫਿਰ ਬਹੁ-ਬਚਨੀ ਹੋ ਗਿਆ ।
‘’ ਠੀਅਕ ਆ ਜਨਾਬ ...ਜੋ ਹੁਕਮ ... । ‘’
ਸਕੂਲ ਚੌਕੀਦਾਰ ਸਾਧੂ ਰਾਮ ਦਾ ਉੱਤਰ ਇਸ ਵਾਰ ਸਹਿਜ ਨਹੀਂ ਸੀ ਰਿਹਾ । ਰਵਾਇਤੀ ਹਲੀਮੀ ਕਾਇਮ ਰੱਖਦਿਆਂ ਵੀ ਇਹ ਕਾਫੀ ਸਾਰਾ ਹਿਰਖਿਆ ਗਿਆ ਸੀ ।
ਉਸਨੂੰ ਲੱਗਾ ਸਕੂਲ ਪੀ.ਟੀ.ਆਈ . ਦਾੜ੍ਹ ‘ਚ ਰਾਮਪਾਲ ਉਸਦੀ ਖਾਹਮਖਾਹ ਦੀ ਹੇਠੀ ਕਰ ਰਿਹੈ , ਮਾੜੀ ਧਿਰ ਸਮਝ ਕੇ ।
ਬੋਲ-ਬਾਣੀ ਤਾਂ ਪਹਿਲਾਂ ਦਿਨ ਤੋਂ ਅੱਪੜਦੀ ਰਹੀ ਸੀ ਸਾਧੂ ਨੂੰ ਉਸਦੀ , ਤਾਂ ਵੀ ਚੌਥਾ ਦਰਜਾ ਕਰਮਚਾਰੀ ਹੋਣ ਨਾਤੇ ਉਹ ਸਹਿੰਦਾ –ਸਹਾਰਦਾ ਹੀ ਰਿਹਾ ।
ਹੁਣ ਉਸਦਾ ਅੰਦਰਲਾ ਵੱਟ ਜਿਹਾ ਖਾ ਕੇ ਜਿਵੇਂ ਮੂਕ ਬੋਲੀ ਬਲਿਆ ਹੋਵੇ –‘ ਕੋਈ ਨਾ ਪੁੱਤ ਜੀਈ , ਦੇਖਦਾ ਕਿੰਨੇ ਕੁ ਪਾਣੀਆਂ ‘ ਚ ਪਾਣੀਆਂ ‘ ਚ ਆਂ ਤੂੰ ...।‘’ ਉਸਦਾ ਅਗਲਾ ਵਾਰ ਰੋਕਣ ਦੇ ਇਰਾਦੇ ਨਾਲ ਸਾਧੂ ਚੌਕੀਦਾਰ ਨੇ ਚੌਕੀਦਾਰਾਂ –ਢਾਲ ਮੂਹਰੇ ਕਰ ਦਿੱਤੀ । ਥੋੜ੍ਹਾ ਕੁ ਜਿੰਨਾ ਲਗੜ-ਜੋੜ ਲਾ ਕੇ ਉਸਦੇ ਗਰੇਵਾਲ ਹੈੱਡ ਨਾਲ ਹੋਈ ਬੀਤੀ , ਫਿਰ ਸਾਰ ਆਖ ਸੁਣਾਈ – ‘’ ਸਾਬ੍ਹ ਜੀ ਇਕ ਗੱਲ ਦੱਸਾਂ ਜੀਈ ... ਊਂ ਤਾਂ ਤੁਸੀ ਸਿਆਣੇ ਓਂ ਜੀਈ ... ਦੱਸਣ ਨੂੰ ਚਿੱਤ ਤਾਂ ਨਈਂ ਕਰਦਾ ਜੀਈ ... ਫੇਅਰ ਵੀ ਜਾਤ-ਬਰਾਦਰੀ ਕਰਕੇ ਜੀਈ .... ਤਾਈਓਂ ਜੀਈ ...ਹੈਅ ਜੀਈ ... ਫੇਅਰ ਵੀ ਜੱਦੀ-ਪੁਸ਼ਤੀ ਸਰਦੈਰੀ , ਸਰਦੈਰੀ ਰੈਂਦ੍ਹੀ ਆ । .. ਐ ਗਰੇਵਾਲ ਹੈੱਡ ਵੀ ਧੜੇਲੇਦਾਰ ਬੰਦੇ ਸੇਏ ਜੀਈ ... ਲੀਡਰ-ਲੂਡਰ ਵੀ ਸੀਗੇ ਸਾਰੇ ਹੈੱਡਾਂ ਦੇ । .... ਉਹ ਵੀ ਐਕਣੇ ਸਰਦੈਰ ਹੋਣਾਂ ਨਾਲ ਉਅਝ ਗਏ , ਗਿੱਲ ਸੈਬ੍ਹ ਹੋਣਾ ਨਾ ‘ , ਆਖਣ ਲੱਗੇ – ‘ ਪੀ.ਟੀ.ਆਈ . ਸਿਆਂ , ਜਿੰਨਾ ਚਿਰ ਮੈਂ ਏਥੇ ਆਂ, ਤੂੰ ਤਿੰਨ ਗੱਲਾਂ ਨੀ ਕਰਨੀਆਂ , ਇਕ ,ਤੰਬਾ ਲਾ ਕੇ ਸਕੂਲ ਨਈ ਆਉਣਾ ... ਓਦੋਂ ਸਰਦੈਰ ਹੋਰੀਂ ਤੰਬਾ ਲ ਕੇ ਸਕੂਲ ਆਉਦੇ ਸੇਏ । ਦੂਜੇ , ਜਿੰਨਾ ਚਿਰ ਸਕੂਲ ਟੈਮ ਹੁੰਦਾ , ਕਿਧਰੇ ਨਈ ਜਾਣਾ , ਨਾ ਘਰ ਨਾ ਕਿਧਰੇ ਹੋਰ ਥੇ ... ਓਦੋਂ ਵੀ ਐਕਣੇ ਚਲੇ ਜਾਂਦੇ ਸੇਏ ਘਰ ਨੂੰ ਜੀਕਣ ਹੁਣ ਗਏ ਆ । ਤੇ ... ਤੀਜੀ ਗੱਲ ਸ਼ਰਾਬ ਪੀਤੀ ਤੇ ਸਕੂਲ ਨਈ ਆਉਣਾ ... । ‘’
‘’ ਲਓ ਸਾਬ੍ਹ ਜੀਈ , ਮੈਨੂੰ ਤਾਂ ਐਉਂ ਲੱਗੇ ਜਿਉਂ ਤੋ ਸਾਨ੍ਹ ਭਿੜ ਪਏ ਸਿੱਧੇ । ਇਕ ਆਖੇ ਮੈਂ ਵੱਡਾ ,ਦੂਜਾ ਆਖੇ ਮੈ ਤਕੜਾ । ਕੋਈ ਇਕ ਦੂਜੇ ਦੀ ਗੱਲ ਨਾ ਮੰਨੇ । ਫੇਅਰ ਪਤਾਅ ਕੀ ਹੋਇਆ ? ਫੇਅਰ ਸਾਬ੍ਹ ਜੀਈ ਸਾਡੇ ਸਰਦੈਰ ਹੋਣੀਂ ਆਪਣੇ ਤੇ ਆ ਗਏ ਕੋਏ ! ਉਨੂੰ ਸਿੱਧਾ ਸਪਾਟ ਆਖ ਮਾਰਿਆ – ‘’ ਓਏ ਗਰੇਵਾਲਾ ਮੈਨੂੰ ਤੇਰੀਆਂ ਤਿੰਨੋ ਗੱਲਾਂ ਮੰਜੂਰ ਨਈ । ਮੈਨੂੰ ਇਕ ਹੋਰ ਗੱਲ ਮੰਜੂਰ ਆ , ਚੌਥੀ ਗੱਲ ! ਉਨ੍ਹਾਂ ਪੁੱਛਿਆ – ‘’ ਓਹ ਕੇੜ੍ਹੀ ? ... ਦੱਸ ! ਸਰਦੈਰ ਹੋਣੀ ਕੇਹਾ – ‘’ ਉਹ ਦੱਸਣ ਆਲੀ ਨ੍ਹਈ , ਪਤਾ ਲਾਉਣ ਵਾਲੀ ਆ । ‘’
ਰਾਮਪਾਲ ਹੈੱਡ ਦਾ ਪੂਰੇ ਦਾ ਪੂਰਾ ਧਿਆਨ ਆਪਣੇ ਉਪਰ ਗੱਡ ਹੋਇਆ ਜਾਂਚ ਕੇ ਸਾਧੂ ਚੌਕੀਦਾਰ ਦੀ ਧਰਤੀ ਵੱਲ ਨੂੰ ਲਮਕੀ ਹਿੱਕ , ਕਾਫੀ ਸਾਰੀ ਉਤਾਂਹ ਚੁੱਕੀ ਗਈ – ‘’ ਲਓ ਸਾਬ੍ਹ ਜੀਈ , ਗਰੇਵਾਲ ਹੈੱਡ ਜੇਨ੍ਹੀ ਪੈਰੀ ਆਏ ਸੇਏ , ਉਨੀਂ ਪੈਰੀ ਮੋੜਤੇ ,ਬੱਸ ਦੂਜੇ ਈ ਮੀਨ੍ਹੇ ! ਬਦਲੀ ਕਰਵਾ ਤੀ ਆਪਣੇ ਸਰਦੈਰ ਸ੍ਹੈਬ ਨੇ , ਉਨ੍ਹਾਂ ਦੀ । ... ਹੁਣ ਪਤਾਅ ਨਹੀਂ ਬਚਾਰੇ ਕਿੱਥੇ ਹੋਗੇ ! ... ਉਤੋਂ ਪਿਛੋਂ ਹੋਰ ਵੀ ਆਏ ਆ ਹੈੱਡ । ਸਿਆਣੇ –ਬਿਆਣੇ ! ... ਕੁੰਦਨ ਲਾਲ ਸੀਗਾ , ਜੂਰਾ ਸੂੰਹ ਸੀਈ , ਤੇ ... ਤੁਹਾਡਾ ਰੱਬ ਭਲਾ ਕਰੇ ਹੁਣ ਤੁਸੀ ਆਏ ਆਂ । ਉਨ੍ਹਾਂ ਕਤਈਂ ਨਈ ਸੀਈ ਬਗਾੜੀ ਪੀ.ਟੀ.ਆਈ . ਸੈਬ ਨਾ । ਮੈ ਤਾਂ ਕੈਨਾ ਸਾਬ੍ਹ ਜੀਈ , ਤੁਸੀ ਵੀ ਜੀ.. ਤੁਸੀ ਵੀ ਜੀਈ ... ਹੈਅ ਜੀਈ .... ! ‘’
ਆਪਣੀ ਰੌਅ ‘ਚ ਰੁੜੇ ਤੋਂ ਉਸਤੋਂ , ਨਵੇਂ ਆਏ ਸਕੂਲ ਮੁਖੀ ਨੂੰ ਅਣਮੰਗੀ ਸਲਾਹ ਵੀ ਦਿੱਤੀ ਗਈ ! ... ਝੱਟ ਉਸਨੂੰ ਪਹਿਲੀ ਘੰਟੀ ਬਜਾਉਣ ਦਾ ਚੇਤੇ ਆ ਗਿਆ । ਤਿੰਨ-ਮਿੰਟ ਉੱਪਰ ਹੋ ਚੁੱਕੇ ਸਨ । ਐਨਾ ਲੇਅਟ .. ! ਉਸਨੂੰ ਆਪਣੇ ਆਪ ‘ਤੇ ਢੇਰ ਸਾਰੀ ਗਿਲਾਨੀ ਹੋਈ ! ... ਐਉਂ ਤਾਂ ਕਦੀ ਵੀ ਨਹੀਂ ਸੀ ਹੋਇਆ ਉਸਤੋਂ ।
ਡਰਨੇ ਵਾਂਗ ਡੋਲਦਾ ਉਹ , ਥੋੜ੍ਹਾ ਕੁ ਹਟਵੀਂ ਪਈ , ਹੱਥ ਘੰਟੀ ਵਿਚ ਲੱਕੜ ਦੀ ਹੱਥੀ ਵਾਲਾ ਲੋਹੇ ਦਾ ਹਥੋੜਾ ਮਾਰ ਕੇ ਮੁੜ ਆਪਣੀ ਥਾਂ ਪਰਤ ਆਇਆ ।
ਢੱਕਾਂ ‘ਤੇ ਹੱਥ ਰੱਖੀ ਖੜ੍ਹੇ ਰਾਮਪਾਲ ਦੀ ਗਜ਼ਟਿਡ ਪਦ-ਉੱਨਤੀ ਚੌਕੀਦਾਰ ਦੀ ਬਾਤ-ਵਾਰਤਾ ਸੁਣ ਕੇ ਕਿੰਨੀ ਸਾਰੀ ਝੇਂਪ ਗਈ ਸੀ । ਤਾਂ ਵੀ ਅਧੀਨ ਅਮਲੇ ਅੱਗੇ ਇਕ ਦਮ ਹੀਣਾ ਹੋਣ ਲਈ ਉਹ ਤਿਆਰ ਨਾ ਹੋਇਆ ।ਦਫ਼ਤਰ ਮੂਹਰੇ ਖੜ੍ਹੇ ਪਹਿਲਾਂ ਉਸਨੈ ਦੋ ਕਦਮ ਸਕੂਲ ਗਰਾਊਂਡ ਵੱਲ ਨੂੰ ਪੁੱਟੇ , ਫਿਰ ਝੱਟ ਹੀ ਆਪਣੀ ਕੁਰਸੀ ਵੱਲ ਨੂੰ ਮੁੜਦੇ ਕਰ ਲਏ ।
ਕੁਰਸੀ ਜਿਵੇਂ ਉਸਦੀ ਇਕੋ ਇਕ ਸਰਨਗਾਹ ਹੋਵੇ । ਇਸ ਤੋਂ ਬਿਨਾਂ ਉਹ ਜਿਵੇਂ ਅੱਧਾ-ਅਧੂਰਾ ਹੋਵੇ । ਰਾਮਪਾਲ ਦੀ ਬਜਾਏ ਨਿਰਾ ਈ ਰਾਮੂ । ਦੀਪੂ ਦੀ ਹੋਂਦ ਨਾਲੋਂ ਵੀ ਇਕ ਪੈਰ ਪਿਛਾਂਹ ।
ਦੀਪੂ ਦੇ ਡੁਸਕਦੇ ਬੋਲਾਂ ‘ਚੋਂ ਨਿਕਲੀ ਅੱਧੀ-ਅਧੂਰੀ ਅਰਦਾਸ ਮੁੜ ਉਸਦੇ ਕੰਨਾਂ ‘ਚ ਘੁਸਰ-ਮੁਸਰ ਕਰਨ ਲੱਗ ਪਈ । ਉਸਦੇ ਅੰਗਾਂ-ਪੈਰਾਂ ਨੂੰ ਛਿੜਿਆ ਕਾਂਬਾ ਜਿਵੇਂ ਰਾਮਪਾਲ ਦੇ ਆਪਣੇ ਅੰਗਾਂ-ਪੈਰਾਂ ਵੱਲ ਨੂੰ ਸਰਕ ਆਇਆ । ... ਉਸ ਨੂੰ ਲੱਗਾ ਕਿ ਮੁੱਖ ਅਧਿਆਪਕੀ ਕਮਰੇ ਵੱਲ ਨੂੰ ਤੁਰਦੀਆਂ ਉਸਦੀਆਂ ਲੱਤਾਂ ਵੀ ਦੀਪੂ ਦੀਆਂ ਲੱਤਾਂ ਵਾਂਗ ਨੰਗੀਆਂ ਹਨ । ਪੈਰੀਂ ਪਾਈ ਜੁੱਤੀ , ਥਾਂ ਪੁਰ ਥਾਂ ਟੁੱਟੀ ਪਈ ਹੈ । ਗਲ ਪਈ ਕਮੀਜ਼ ਦਾ ਅਗਲਾ ਪਾਸਾ ਗੋਹੇ ਪਿਸ਼ਾਬ ਦੇ ਛਿੱਟਿਆ ਨਾਲ ਲਿਬੜਿਆ ਪਿਐ । ... ਉਸਦੇ ਐਨ ਸਾਹਮਣੇ ਖੜ੍ਹਾ ਗਿੱਲ ਪੀ.ਟੀ.ਆਈ .ਉਸ ਵੱਲ ਦੇਖਦਾ ਠਹਾਕਾ ਮਾਰ ਕੇ ਹੱਸਿਆ ਹੈ ।
ਖਿਝਿਆ –ਖਪਿਆ ਉਹ ਗਿੱਲ ਪੀ.ਟੀ.ਆਈ . ਨੂੰ ਘੂਰਨ-ਝਿੜਕਣ ਵਰਗੇ ਬੋਲ –ਬੋਲਣ ਹੀ ਲੱਗਾ ਸੀ ਕਿ ਝੱਟ ਹੀ ਗਿੱਲ ਦੀ ਥਾਂ ਕੈਲਾ ਆ ਖੜ੍ਹਿਆ , ਮਾਸਟਰ ਕਰਨੈਲ । ਉਸਦੇ ਬਚਪਨ ਦਾ ਜੋਟੀਦਾਰ । ਉਸਦੀ ਹਮਜਮਾਤੀ ।
‘’ ਹੈਅ...ਅ..., ਤੂੰ...ਅ....ਅ....’’ ,ਉਸਦੇ ਉਲਝੇ-ਬਿਖਰੇ ਬੋਲ ਅਜੇ ਉਸਦੇ ਬੁਲਾਂ ਤੱਕ ਨਹੀਂ ਸਨ ਪੁੱਜੇ ਕਿ ਕੈਲੇ ਦੀ ਥਾਂ ਉਸਦੀ ਬੇਬੇ ਖੜ੍ਹੀ ਦਿਸੀ ਕਿਰਪੀ , ਕਿਰਪਾਲ ਕੌਰ । ਕਿਰਪਾਲ ਕੌਰ ਦੇ ਹੱਥਾਂ ‘ਚ ਕਿੰਨੇ ਸਾਰੇ ਕੱਪੜੇ , ਧੋਤੇ –ਸੁਆਤੇ । ਤਿੰਨ-ਚਾਰ ਨਿੱਕਰਾਂ ,ਚਾਰ-ਪੰਜ ਕਮੀਜ਼ਾਂ । ...’’ ਲੈ ਰਾਮੀਂ ਪੁੱਤ, ਲੈ ਆਹ ਤੂੰ ਪਾ ਲੈ ... ਕੈਲੇ ਮੇਰੇ ਤੇ ਆਉਦਿਆਂ ਨਈ ਸੁੱਖਣਾਂ । .. ਤੂੰ...ਤੂੰ.. ਖ਼ਬਰੀ ਐਹੋ ਜਿਹਾ ਈ ਰੈਣਾਂ ! ਕੁਸ਼ ਖਾਇਆ ਪੀਆ ਕਰ ... !’’
‘’ ਪਾਣੀ ਸਾਬ੍ਹ ਜੀਈ ....!‘’ ਇਕ ਦਮ ਉਸਦੀ ਸੁਰਤੀ ਮੁੜ ਥਾਂ ਸਿਰ ਪਰਤ ਆਈ । ਸਾਧੂ ਚੌਕੀਦਾਰ ਜੱਗ-ਗਲਾਸ ਲਈ ਉਸ ਦੇ ਲਾਗੇ ਖੜ੍ਹਾ ਪਾਣੀ ਪੀਣ ਲਈ ਪੁੱਛ ਰਿਹਾ ਸੀ ।
‘’ ਹੈਂ .... ਹੈਂਅ ..... ਹਾਂ ....., ਪਾਣੀ ! ਹਾਂ .... ਲਿਆ .... ,’’ ਉਸ ਤੋਂ ਭਰਿਆ ਗਲਾਸ ਫੜੀ ਖੜ੍ਹਾ-ਖੜੋਤਾ ਰਾਮਪਾਲ ਕੁਰਸੀ ‘ ਤੇ ਬੈਠ ਗਿਆ । ਘੁੱਟ-ਘੁੱਟ ਕਰਕੇ ਪੀਂਦੇ ਦੀ ਉਸਦੀ ਸੁਰਤੀ ਮੁੜ ਹੁਣੇ-ਹੁਣੇ ਦੇਖੋ ‘ ਸੁਪਨੇ ’ ਦੀ ਜੱਦ ਅੰਦਰ ਪਹੁੰਚ ਗਈ । .... ਉਹ ਅਜੇ ਦੀਪੂ ਕੁ ਦੀ ਉਮਰ ਦਾ ਸੀ , ਅੱਵਲ ਉਸ ਤੋਂ ਵੀ ਛੋਟਾ ! ਉਹ ਆਪਣੇ ਪਿੰਡ ਲਾਗਲੇ ਵੱਡੇ ਸਕੂਲ ਅਜੇ ਪੜ੍ਹਨੇ ਨਹੀਂ ਸੀ ਪਿਆ । ਕੈਲੇ ਨਾਲ ਵੀ ਅਜੇ ਉਸਦੀ ਸਾਂਝ ਨਹੀਂ ਸੀ ਬਣੀ । ਆਪਣੇ ਵਿਹੜੇ ਦੇ ਰਵੀਦਾਸ ਦੁਆਰੇ ਸਮੇਤ ਉਸਦੀ ਬੀਬੀ ਪੁਰਬਾਂ-ਤਿਓਹਾਰਾਂ ‘ ਤੇ ਪਿੰਡ ਦੇ ਵੱਡੇ ਗੁਰਦੁਆਰੇ ਦਾ ਖੁੱਲ੍ਹਾ ਵਿਹੜਾ ਜ਼ਰੂਰ ਸੁੰਬਰਦੀ ਸ਼ਰਧਾ ਵੱਸ ! ਰਾਮੇਂ ਨੂੰ ਨਾਲ਼ ਲੈ ਕੇ । ਨਾਲ –ਨਾਲ ਝਾੜੂ – ਬਹਾਰੀ ਨਾਲ –ਨਾਲ ‘ ਵਾਖੁਰ-ਵਾਖੁਰ ’ । ਵਿਚਕਾਰ ਅਰਜੋਈ , ਅੱਖਾਂ ਮੁੰਦ ਕੇ , ਸਿਰ ਝੁਕਾ ਕੇ – ‘ ਹੋਅ ਛੱਚਿਆ ਪਾਤਸ਼ਾਅ , ਜਣੀ – ਜਾਣ ਛੱਤਗੁਰਾ ; ਮੇਰੇ ਰਾਮੇਂ ਪੁੱਤ ਨੂੰ ਤੰਦਰੁਸਤੀ ਬਸ਼ਖੀਂ , ਏਦੀ ਝੋਲੀ ‘ ਚ ਬਓਤੀ ਛਾਰੀ ਵਿੱਦਿਆ ਪਾਈਂ ; ਏਨੂੰ ਵੱਡਾ ਅਫਸਰ ਬਣਾਈ ; ਕਿਤੇ ਮੇਰੀ ਬੀ ਗ਼ਰੀਬਣੀ ਦੀ ਜੂਨ । ਬੱਸ ਏਹੋ ਜੋਦੜੀ ਆ ਤੇਰੇ ਦਰ ਤੇਏ .... ।‘ ਉਸ ਦਿਨ ਦੇ ਕੰਮ-ਕਾਰ ਬਦਲੇ ਉਸਨੇ ਕਦੇ ਵੀ ਕਿਸੇ ਤੋਂ ‘ ਮੇਨ੍ਹਤ-ਮਜੂਰੀ ‘ ਨਹੀਂ ਸੀ ਮੰਗੀ । ਤਾਂ ਵੀ ਰਾਧਾ ਸੂੰਹ ਭਾਈ ਉਸਨੂੰ ਖਾਲੀ ਹੱਥ ਨਾ ਮੋੜਦਾ-ਢੇਰ ਸਾਜੇ ਚੜ੍ਹਾਵੇ ‘ ਚੋਂ ਬੀੜ-ਸਾਬ੍ਹ ਤੋਂ ਅੰਗ-ਮੁਕਤ ਹੋਏ , ਬਿਰਧ ਹੋਏ ਰੁਮਾਲੇ –ਰੇਸ਼ਮੀ , ਸਿਲਕੀ , ਜ਼ਰੀਦਾਰ । ਪ੍ਰਸਿੰਨੀ ਜੋ ਕੁਝ ਮਿਲਦਾ ਦੋਨੋਂ ਹੱਥ ਜੋੜ ਦੇ ,ਸਿਰ ਨਿਵਾ ਕੇ ਪ੍ਰਸ਼ਾਦ ਲੈਣ ਵਾਂਗ ਕਬੂਲ ਕਰਦੀ , ਪੂਰੀ ਵਿਉਂਤ ਲਾ ਕੇ ਇਹਨਾਂ ਦ ਕੁਝ ਨਾ ਕੁਝ ਸੀਂਅ ਬਣਾ ਲੈਦੀ – ਆਪਣੇ ਸਿਰ ਦਾ ਲੀੜਾ , ਕੁੜੀਆ ਲਈ ਝੱਗੇ ਜ਼ਾਂ ..... ।
ਸਕੂਲ ਦਫ਼ਤਰ ‘ ਚ ਬੈਠੇ ਘੁੱਟ-ਘੁੱਟ ਕਰਕੇ ਪਾਣੀ ਪੀਦੇਂ ਰਾਮਾਪਾਲ ਦਾ ਇਕ ਹੱਥ ਸਹਿਸੁਭਾ ਉਸਦੀਆਂ ਲੱਤਾਂ-ਪਿੰਨੀਆਂ ਤੱਕ ਅੱਪੜ ਗਿਆ । ਉਸਦੇ ਤੇੜ ਵਧੀਆ ਪੈਂਟ ਸੀ , ਗਾਵਰਡੀਨ ਦੀ । ਖੁੱਲੇ ਪਹੁੰਚਿਆ ਵਾਲੀ । ਅੱਧੀ ਸਿਲਕੀ , ਅੱਧੀ ਸੂਤੀ । .... ਉਸਨੂੰ ਲੱਗਾ , ਕਿਸੇ ਭਰ ਸਿਆਲ ‘ ਚ ਉਸਦੀ ਬੀਬੀ ਨੇ ਦੋ ਰੁਮਾਲੇ ਜੋੜ ਕੇ ਉਸਦੀਆਂ ਨੰਗੀਆਂ ਲੱਤਾਂ ਢਕਣ ਲਈ ਗੰਢ-ਤੁੱਪ ਕੀਤਾ ਪਜਾਮਾ , ਫਿਰ ਜਿਵੇਂ ਉਸਦੇ ਤੇੜ ਆ ਪਿਆ ਹੋਵੇ ।
ਇਕ ਪਹੁੰਚਾ ਹੋਰ ਇਕ ਹੋਰ ।
ਕਈ ਦਿਨ ਉਸਦੇ ਜੋਟੀਦਾਰ – ਹਮਜੌਲੀ ਉਸਦੀ ਛੇੜ-ਛਾੜ ਕਰਦੇ ਰਹੇ । ਕਈ ਦਿਨ ਉਹ ਘਰੋਂ ਬਾਹਰ ਨਹੀਂ ਸੀ ਗਿਆ । ਕਿਸੇ ਨਾਲ ਕੌਡ-ਕਬੱਡੀ ਨਹੀਂ ਸੀ ਖੇਲਿਆ । ਤਾਂ ਵੀ , ਉਸਨੇ ਨੰਗੀਆਂ ਲੱਤਾਂ ਕੇ ਕੱਜ ਨੂੰ ਸਾਰਾ ਸਿਆਲ ਆਪਣੇ ਤੋਂ ਵੱਖ ਨਹੀਂ ਸੀ ਹੋਣ ਦਿੱਤਾ ।
.... ਸੁਬਹ-ਸਵੇਰੇ ਪ੍ਰਾਰਥਨਾ ਥੜ੍ਹੇ ‘ ਤੇ ਦੀਪੂ ਨਾਲ ਹੋਈ ਵਾਪਰੀ , ਉਸਨੈ ਹੋਰ ਵੀ ਨੇੜੇ ਢੁੱਕ ਕੇ ਖੜ੍ਹੋ ਗਈ ।
ਉਸਦੇ ਮਨ ‘ ਚ ਆਈ ਕਿ ਸਾਧੂ ਚੌਕੀਦਾਰ ਨੂੰ ਬੁਲਾ ਕੇ ਦੀਪੂ ਦੇ ਘਰ-ਬਾਰ , ਮਾਂ-ਬਾਪ ਬਾਰੇ ਪੂਰੀ ਜਾਣਕਾਰੀ ਲਵੇ । ਹੋਰ ਨਈ ਤਾਂ ਸਕੂਲ –ਫੰਡਾਂ ‘ ਚੋਂ ਉਸ ਲਈ ਸਕੂਲ-ਵਰਦੀ ਸੇਵਾ ਦੇਣ ਦਾ ਪ੍ਰਬੰਧ ਕਰੇ । ਨੰਗੀਆਂ ਲੱਤਾਂ ਕਾਰਨ ਉਸ ਅੰਦਰ ਆਈ ਹੀਣ-ਭਾਵਨਾ ਦੂਰ ਕਰਨ ਦਾ ਉਪਰਾਲਾ ਕਰੇ ।
ਖਾਲੀ ਕੀਤਾ ਗ਼ਲਾਸ ਮੇਜ਼ ‘ ਤੇ ਰੱਖਦਿਆਂ ਉਸਨੇ ਸਾਧੂ ਚੌਕੀਦਾਰ ਨੂੰ ਕੱਸਵੀਂ ਆਵਾਜ਼ ਮਾਰੀ – ‘’ ਓ .... ਓ .... ਸਾਧੂ ... । ‘’
‘’ ਜੀਈ ... ਈ ਸਾਬ੍ਹ .... ‘’ ਸਾਧੂ ਆਪਣੇ ਰਵਾਇਤੀ ਢੰਗ ਨਾਲ ਝੁਕਿਆ ਫਿਰ ਉਸਦੇ ਸਾਹਮਣੇ ਆ ਖੜ੍ਹਾ ਹੋਇਆ ।
‘’ ਦੀਪੂ ਨੂੰ ਬੁਲਾ ਕੇ ਲਿਆ ... । ਪਤਾ ਦੀਪੂ ਦਾ ? ‘’ ਰਾਮਪਾਲ ਨੂੰ ਬਿਲਕੁਲ ਚੇਤੇ ਨਹੀਂ ਸੀ ਕਿ ਉਸਨੇ ਸਾਧੂ ਨੂੰ ਪਹਿਲੇ ਵੀ ਲਗਭਗ ਇਹੋ ਸ਼ਬਦ ਆਖੇ ਸਨ ।
‘’ ਹਾਂ ਜੀ ਹਾਂਅ, ਪਤਾਅ ਆ ਜੀਈ ... ਭਾਈਆ ਕਾ ਦੀਪੂ । ਬੜਾ ਲੈਕ ਮੁੰਡਾ ਆ ਜੀਈ ... । ਓਹ ਤਾਂ ਜੀਈ ਘਰਦਿਆਂ ਵੰਨੀਉਂ ਬਾਹਲਾ ਈ ਹਿੱਲਿਆ ਵਾ ਆ ਜੀਈ , ਨਈਂ ਤਾ ਅੱਵਲ ਆਏ ਜੀਈ ਸਭ ਕਾਸੇ ‘ ਚੋਂ । ‘’
ਇਸ ਵਾਰ ਸਕੂਲ ਚੌਕੀਦਾਰ ਦੇ ਆਖੇ –ਦੱਸੇ ‘ ਚ ਰਾਮਪਾਲ ਨੂੰ ਕੋਈ ਗੱਲ ਓਪਰੀ ਨਾ ਲੱਗੀ ।
‘’ ਕੀ ਗੱਲ ਕੰਮ-ਕਾਰ ਨਈ ਕਰਦਾ ਉਦ੍ਹਾ ਪਿਓ ... ? ‘’
‘’ ਪੈਏ ਓਦ੍ਹਾ ਐਹੋ ਜੇਆ ਈ ਆ । ... ਪੈਲ੍ਹਾਂ ਛਾਅ ਵੇਲੇ ਤੀਕ ਗੁਰਦੁਆਰੇ ਵੜਿਆ ਰਊ , ਸਰਦੈਰ ਹੋਣਾਂ ਦੇ ,ਗਿੱਲ ਸੈਬ੍ਹ ਹੋਣਾਂ ਦੇ ਗੁਰਦੁਆਰੇ । ਊ ਸਾਬ੍ਹ ਜੀਈ ਹਾਡੇ ਪਿੰਡ ਕਿੰਨੇ ਸਾਰਿਓ ਈ ਗੁਰਦੁਆਰੇ ਆ । ਤਖਾਣਾਂ ਦਾ , ਲਬਾਣਿਆਂ ਦਾ , ਚਮਾਰਾਂ ਦਾ , ਜੱਟਾਂ ਦਾ । ਜੱਟਾਂ ‘ ਚ ਵੀ ਗਿੱਲ ਸੈਬ੍ਹ ਦਾ ਅੱਡ ਆ । ਤੁਆਡਾ ਰੱਬ ਭਲਾ ਕਰੇ ਸਾਰੇਈ ਇਕ ਦੂਜੇ ਤੋਂ ਅੱਗੇ ਲੰਘਣ ਲਈ ਜਾਂਦਾ ਤੋਂ ਜ਼ਾਦਾ ਪਾਠ-ਪੂਠ ਪੜ੍ਹਦੇ ਆ । ਸੇਵਾ ਸੂੰਹ ਭਾਈ ਦਾ ਪਾਠ ਪੜ੍ਹਨ ‘ ਚ ਨੰਬਰ ਆ , ਦੀਪੂ ਦੇ ਪੇਏ ਦਾ ਜੀਈ । ... ਊਂ ਪੰਜਾਂ-ਸੱਤਾਂ ਘਰਾਂ ਦੀ ਸੇਪ ਵੀ ਹੈਗੀ ਆ ੳਦ੍ਹੇ ਕੋਅ ।
ਸਰਦੈਰ ਸੈਬ੍ਹ ਹੋਣਾਂ ਦੀ ਵੀ ਆ ,ਗਿੱਲ ਸੈਬ੍ਹ ਹੋਣਾਂ ਦੀਈ .... । ‘’
ਸਾਧੂ ਚੌਕੀਦਾਰ ਮੂੰਹੋਂ ਮੁੜ-ਘੜੀ ਗਿੱਲ ਪੀ. ਟੀ . ਆਈ . ਦਾ ਨਾਂ ਸੁਣ ਕੇ ਸਕੂਲ ਮੁੱਖੀ ਰਾਮਪਾਲ ਨੂੰ ਇਕ ਜ਼ੋਰਦਾਰ ਝੁਣਝੁਣੀ ਜਿਹੀ ਆਈ । ਨਾਲ ਈ ਰੋਅਬ –ਦਾਅਬ ਦਬਾਕਾ – ‘’ ਪੀ. ਟੀ.ਆਇਆ ਨਈਂ ਹਜੇ ... । ਜਾਹ ਬੁਲਾ ਕੇ ਲਿਆ ਉਨੂੰ ਘਰੋਂ ਆਖੀ ਹੈੱਡਮਾਸ ਸਾਬ੍ਹ ਬਲਾਉਦੇਂ ਛੇਤੀ ... । ‘’
‘’ ਦੀਪੂ ਨੂੰ ਰੈਣ ਦਿਆਂ ਜੀਈ ... ! ‘’ ਦੋਨਾਂ ਹੁਕਮਾਂ ‘ ਚੋਂ ਪਹਿਲੀ ਵਾਰੀ ਲਾਉਣ ਦਾ ਨਿਰਨਾ ਕਰਾਉਣ ਲਈ ਸਾਧੂ ਨੇ ਇਕ ਵਾਰ ਫਿਰ ਰਾਮਪਾਲ ਵੱਲ ਨੂੰ ਸਵਾਲਿਆ ਨਜ਼ਰਾਂ ਸੁੱਟੀਆਂ ।
‘’ ਹਾਂ , ਹਾਂ ਦੀਪੂ ਨੂੰ ਰੈਣ੍ਹ ਦੇ , ਪਹਿਲਾਂ ਗਿੱਲ ਨੂੰ ..... । ‘’
‘’ ਗਿੱਲ ਦੀ ਕੀ ਲੋੜ ਪੈ ਗਈ .... ! ‘’ ਕਮਰੇ ਦੀ ਓਟ ਵੱਲੋਂ ਅਛੋਪਲੇ ਜਿਹੇ ਆਏ ਸਰੂਪ ਸਿੰਘ ਗਿੱਲ ਨੇ ਰਾਮਪਾਲ ਦੇ ਬੋਲ ਉਸਦੇ ਮੂੰਹੋ ਬੋਚ ਲਏ ।
ਸਕੂਲ ਮੁੱਖੀ ਇਕ ਤਰ੍ਹਾਂ ਨਾਲ ਜਿਵੇਂ ਚੋਰੀ ਕਰਦਾ ਮੌਕੇ ‘ ਤੇ ਫੜਿਆ ਗਿਆ ਹੋਵੇ ।
ਇਹ ਸਾਧੂ ਚੌਕੀਦਾਰ ਦੀ ਸੁਣਾਈ ਬਾਤ-ਵਾਰਤਾ ਦਾ ਅਸਰ ਸੀ ਜਾਂ ਤਲਖ਼ ਬੋਲੇ ਬੋਲਾਂ ਦਾ ਪਛਤਾਵਾ , ਛਿੱਬਾ ਜਿਹਾ ਪਿਆ , ਉਹ ਕੁਰਸੀ ਤੋਂ ਉਠ , ਮੁੜ ਕਮਰਿਉਂ ਬਾਹਰ ਆ ਖੜ੍ਹਾ ਹੋਇਆ ।
‘’ ... ਬੜੀ ਉਮਰ ਆ ਤੁਹਾਡੀ ! ਤੁਆਡੀਆਂ ਈ ਗੱਲਾਂ ਕਰਦੇ ਸੀਈ ... ‘’ ,ਉਸ ਅੰਦਰੋਂ ਪਹਿਲੋਂ ਵਾਲੀ ਤਲਖੀ ਕਿਧਰੇ ਉੱਡ-ਪੁੱਡ ਗਈ ਸੀ ।
‘’ ਸਾਡੀਆਂ ਗੱਲਾਂ ਤਾਂ ਕਈ ਕਰਦੇ ਆ । ਕੀਦ੍ਹੀ ਕੀਦ੍ਹੀ ਸੁਣੀਏ ...’’ ਸਕੂਲ ਪੀ.ਟੀ.ਆਈ . ਅੰਦਰਲਾ ਗਿੱਲ ਸਰਦਾਰ ਹੋਰ ਵੀ ਉਭਾਸਰਦਾ ਖਿੜ-ਖਿੜ ਕਰਕੇ ਹੱਸਿਆ ।
ਰਾਮਪਾਲ ਨੂੰ ਉਸਦਾ ਵਤੀਰਾ ਹੋਰ ਵੀ ਭੈੜਾ ਲੱਗਾ । ਉਸਨੇ ਮਨ ‘ ਚ ਆਈ ਕਿ ਵਿੰਗੇ ਜਿਹੇ ਢੰਗ ਨਾਲ ਹੱਸੇ ਨਾਲ ਸਕੂਲ ਪੀ.ਟੀ. ਆਈ . ਨੂੰ ਤਹਿ ਸਿਰ ਕਰਨ ਲਈ ਕਸਵੀਂ ਜਿਹੀ ਝਿੜਕ ਮਾਰ ਕੇ ਪੁੱਛੇ – ‘’ ਏਹ ਕੀ ਢੰਗ ਤਰੀਕਾ ? ਏਹ ਸਕੂਲ ਆ ਕਿ ਭੰਗੜਖਾਨਾ .... ? ਜਦ ਮਰਜ਼ੀ ਆਓ , ਜਿੱਧਰ ਮਰਜ਼ੀ ਘੁੰਮੀ ਜਾਓ ....। ‘’
ਪਰ , ਝੱਟ ਹੀ ਉਸਨੇ ਸਵੇਰੇ-ਸਵੇਰੇ ਹੋਣ ਵਾਲੀ ਬਦਕਲਾਮੀ ਦੋਂ ਬਚਦਿਆਂ ਆਪਣਾ ਆਪ ਸੰਭਾਲ ਲਿਆ । ਸਾਧੂ ਚੌਕੀਦਾਰ ਵੱਲੋਂ ਉਸ ਬਾਰੇ ਦਿੱਤੀ ਸੂਚਨਾ ਵੀ ਮਨ-ਘੜਤ ਹੀ ਲੱਗੀ ਸੀ ।
ਕਲਾਸ ਕਮਰਿਆਂ ਪਿਛਵਾੜੀਉਂ ਨਿਕਲੀਆਂ ਘੋਲ੍ਹੀ-ਕੁਬੱਡੀ ਟੀਮਾਂ , ਥੋੜ੍ਹਾ ਕੁ ਹਟਵੀਂ ਬੰਬੀ ਵੱਲ ਨੂੰ ਜਾਂਦੀਆਂ , ਉਸ ਅੰਦਰ ਉਠੇ ਤੂਫਾਨ ਨੂੰ ਕਿੰਨਾ ਸਾਰਾ ਸ਼ਾਂਤ ਕਰ ਗਈਆਂ ।
ਰਹਿੰਦਾ ਬਚਦਾ ਰੋਹ ਉਸਨੇ ਸਾਧੂ ਚੌਕੀਦਾਰ ਵੱਲ ਨੂੰ ਰੇੜ੍ਹਦਿਆ ਇਕ ਭਬਕ ਹੋਰ ਮਾਰੀ- ‘’ ਕੀ ਆਖਿਆ ਸੀ ਤੈਨੂੰ ... ? ਸੁਣਿਆ ਨਈ ... ਬੋਲਾ ਆਂ ਤੂੰ .... ? ਤੈਨੂੰ ਕਿਹਾ ਸੀ ਦੀਪੂ ਨੂੰ ਬੁਲਾ ਕੇ ਲਿਆ .... । ‘’
ਡਰਿਆ –ਘਬਰਾਇਆ ਸਾਧੂ , ਹਚਕੋਲੇ ਜਿਹੇ ਖਾਂਦਾ , ਵੱਡੀ ਟਾਹਲੀ ਹੇਠ ਬੈਠਦੀ , ਸੱਤਵੀਂ ਜਮਾਤ ਵੱਲ ਹੋ ਤੁਰਿਆ । ਦੀਪੂ ਨੂੰ ਬੁਲਾਉਣਾ ..., ਦੀਪੂ ਆਪਣੀ ਜਮਾਤ ਵਿਚੋਂ ਗਾਇਬ ਸੀ । ਪ੍ਰਾਰਥਨਾ –ਥੜ੍ਹੇ ਤੋਂ ਮੁੜਦਿਆਂ ਉਸਦੀਆਂ ਨਿੱਕਰ-ਰਹਿਤ ਲੱਤਾਂ , ਬਾ-ਵਰਦੀ ਹਮਜਮਾਤੀਆਂ ਲਾਗੇ ਬੈਠਣੋਂ ਅੜ ਹੀ ਖਲੋਈਆਂ ਸਨ । ਉਹ ਅੱਖ ਬਚਾ ਕੇ ਸਕੂਲ ਦੇ ਵੱਡੇ ਗੇਟ ਰਾਹੀਂ ਬਾਹਰ ਨਿਕਲ ਗਿਆ ਸੀ । .... ਉਸ ਦਿਨ , ਉਸਦੀ ਖਾਕੀ ਨਿੱਕਰ ਫਿਰ ਨਹੀ ਸੀ ਲੱਭੀ , ਘਰੋਂ ।
ਉਸਨੇ ਵਾਹ ਲਗਦੀ ਨੂੰ ਆਪਣੀ ਇਕੋ-ਇਕ ਨਿੱਕਰ ਦਾ ਕਦੀ ਵਿਸਾਹ ਨਹੀ ਸੀ ਕੀਤਾ । ਸਕੂਲੋਂ ਮੁੜਦਾ ਹੀ ਇਸਨੂੰ ਤਹਿ ਕਰਦੇ ਦਰੀ ਹੇਠ ਰੱਖ ਲੈਦਾ । ਘਰ ਦੇ ਕੱਲੇ –ਕਹਿਰੇ ਕਮਰੇ ‘ਚ ਡਿੱਠੇ ਰਹਿੰਦੇ ਮੰਜੇ ‘ ਤੇ ਵਿਛੀ ਰਹਿੰਦੀ ਦਰੀ ਹੇਠ । ਸਵੇਰੇ ਉਠਦਾ , ਉਸਦੇ ਥਾਂ ਸਿਰ ਪਈ ਹੋਣ ਦਾ ਨਿਸ਼ਚਾ ਵੀ ਕਰ ਲੈਂਦਾ ।
ਉਸ ਦਿਨ ਇਸ ਪੱਖੋਂ ਪਤਾ ਨਈ ਕਿਉਂ ਅਵੇਸਲਾ ਹੋਇਆ ਰਿਹਾ । ਸਿਰ ‘ ਤੇ ਆਏ ਕੱਚੇ ਇਮਤਿਹਾਨਾਂ ਦੀ ਤਿਆਰੀ ਕਾਰਨ ਜਾਂ ....!
ਉਸਨੇ ਦੋ-ਤਿੰਨ ‘ ਵਾਜਾਂ ਛਿੰਦੋ ਨੂੰ ਮਾਰੀਆਂ , ਵੱਡੀ ਭੈਣ ਛਿੰਦੋ ਨੂੰ ।
ਝਾੜੂ-ਬੁਖਾਰੀ ਕਰਦੀ ਨੇ ਉਸਨੇ ਕੋਈ ਉੱਤਰ ਨਹੀ ਸੀ ਦਿੱਤਾ ।
ਖਿਝੇ-ਖਪੇ ਨੇ ਇਕ ਵਾਰ ਫਿਰ ਉਸ ਤੋਂ ਤਲਖ਼ ਹੋ ਕੇ ਪੁੱਛਿਆ ਸੀ – ‘’ ਮੇਰੀ ਨਿੱਕਰ ਕਿੱਥੇ ਆ ....? ‘’
ਇਸ ਵਾਰ ਚੁੱਲੇ ਲਾਗੇ ਬੈਠੀ ਉਸਦੀ ਮਾਤਾ ਦੀ ਰੁੱਖੀ –ਕੂਸੈਲੀ ਨਿਗਾਹ , ਉਸ ਵੱਲ ਨੂੰ ਘੁੰਮੀ ਸੀ , ਨਾਲਂ ਹੀ ਹਲਕੀ ਜਿਹੀ ਝਿੜਕ – ‘’ ਤੇਰਾ ਤਾਂ ਰਹੋਜ਼ ਦਾ ਈ ਕੰਮ ਆ , ਛਿੰਦੋ ਫਾਹਾ ਲਏ ...! ‘’
ਐਧਰ-ਓਧਰ ਹੱਥ ਪੈਰ ਮਾਰਦੇ , ਰੋਣ-ਹਾਕੇ ਹੋਏ ਦੀ ਫਿਰ ਜਿਵੇ ਉਸਦੀ ਚੀਕ ਹੀ ਨਿਕਲ ਗਈ ਸੀ – ‘’ ਐਥੇ ਤਾਂ ਰੱਖੀ ਸੀਈ ... !’’
ਉਸਦੀ ਮਾਤਾ ਨੇ ਉਸ ਤੋਂ ਵੀ ਤਿੱਖੀ ਸੁਰ ‘ਚ ਮੋੜਵਾਂ ਉੱਤਰ ਦਿੱਤਾ ਸੀ – ‘’ ਕੇੜੇ ਖੂਹ ‘ਚ ਜਾ ਡਿੱਗੀ ਫੇਏ ... ! ਕਿੱਡੀ ਕੁ ਗਿੱਲਾਂ ਦੀ ‘ਵੇਲੀ ਆ ਪੇਏ ਦੀ , ਜਿੱਥੋਂ ਲੱਭਦੀਂ ਨਈ !! ... ਜਾਹ ਕੁੜੇ ਉਠ ਕੇ ਲੱਭ ਦੇਏ ਉਨੂੰ ! ... ਉੱਠ ਵੀ ਪਿਆ ਕਰ ਤੂੰ , ਇਕ-ਅੱਧ ‘ਵਾਜ ‘ ਤੇ ! ‘’
ਸਭ ਨੂੰ ਥ੍ਹੋੜਾ –ਥੋੜ੍ਹਾ ਪਰੇਥਣ ਲਾਉਣੀ ਉਸਦੀ ਮਾਤਾ , ਮੁੜ ਚੁੱਲ੍ਹੇ ਦੀ ਬੁੱਝੀ ਅੱਗ ਨੂੰ ਤਾੜਨ ਲੱਗ ਪਈ ਸੀ । ਬੱਚੀ-ਰੁੱਧੀ ਛਿੰਦੋ ਨੇ ਵੀ ਮੰਜੇ ਹੇਠ ਪਈ ਸੰਦਾਂ ਵਾਲੀ ਟੋਕਰੀ ਪਿੱਛੇ ਦੇਖਿਆ । ਨਿੱਕਰ ਉੱਥੇ ਵੀ ਨਹੀਂ ਸੀ । ਲੱਕੜ ਦੀ ਵੱਡੀ ਪੇਟੀ ਹੇਠ ਨਿਗਾਹ ਮਾਰੀ , ਓਥੇ ਵੀ ਉਸਨੂੰ ਨਾ ਦਿਸੀ – ‘’ ਹੈਅ ਨਈ ਲੱਭਦੀ ਕਿਤੇ ਵੀ । ‘’ ਖਿਝੀ-ਖਪੀ ਉਹ ਮੁੜ ਆਪਣੇ ਕੰਮ ਜਾ ਲੱਗੀ ਸੀ ।
ਬਿੰਦੇ-ਮੈਲੇ ਕੱਪੜਿਆਂ ਦੀ ਧੂਹ-ਖਿੱਚ ਕਰਦੇ ਪਲੇ –ਪੱਸਰੇ ਚੂਹੇ ਦੀਪੂ ਦੀ ਨਿੱਕਰ ਪਤਾ ਨ੍ਹਹੀਂ ਕਿਹੜੀ ਨੁੱਕਰੇ ਲੁਕਦਾ ਕਰ ਗਏ ਸਨ ।
ਸਕੂਲ ਲੱਗਣ ਦੀ ਪਹਿਲੀ ਘੰਟੀ ਵੱਜਣੀ ਬੰਦ ਹੋ ਗਈ ਸੀ ।ਥੋੜ੍ਹੇ ਕੁ ਚਿਰ ‘ ਚ ਦੂਜੀ ਵੱਜਣੀ ਸੀ , ਨਾਲ ਹੀ ਜੁੜਵੀ ਤੀਜੀ ।
ਉਸਨੇ ਇਕ ਹੱਥ ਘੁੱਟੀ ਰੋਟੀ ਦਾ ਘੁੱਗੂ ਬਣਾ ਕੇ ਚੱਖਣਾ ਸੁਰੂ ਕਰ ਦਿੱਤਾ । ਬਸਤਾ ਚੁੱਕ ਉਸੇ ਤਰ੍ਹਾਂ ਸਕੂਲੇ ਦੌੜ ਪਿਆ ਸੀ । ਛੀਂਟ ਕੀ ਕੱਛੀ ਪਾਈ ।
ਨੰਗੀਆਂ ਲੱਤਾਂ , ਨੰਗੇ ਪੈਰ ।
ਪਿੰਡ ਦੀ ਹੱਦ-ਹਦੂਦ ਅੰਦਰਲੇ ਸਕੂਲ ਤੱਕ ਪੁੱਜਣ ਲਈ , ਵਿਚਕਾਰਲੀ ਸਿੱਧੀ ਗਲੀਉਂ ਲੰਘਣ ਦਾ ਉਸਦਾ ਹੀਆ ਨਹੀ ਸੀ ਪਿਆ । ਉਹ ਬਾਹਰਲੀ ਵੱਡੀ ਫਿਰਨੀ ਹੋ ਚੜ੍ਹਿਆ ।
ਪਹਿਲਾਂ ਮੋੜ ਮੁੜਦਿਆਂ ਉਸਦੇ ਦੌੜਦੇ ਕਦਮਾਂ ‘ ਚ ਜਿਵੇਂ ਢੇਰ ਸਾਰੀ ਚਾਬੀ ਭਰ ਗਈ ਸੀ ।
ਦੂਜੀ ਘੰਟੀ ਸੁਣਦਿਆ ਸਾਰ ।
ਸਕੂਲ ਚੌਕੀਦਾਰ ਇਸ ਪੱਖੋਂ ਕਦੀ ਲੇਟ ਨਹੀਂ ਸੀ ਹੋਇਆ । ਤੀਜੀ ਘੰਟੀ ਵੀ ਉਸਨੇ ਐਨ ਸਮੇਂ ਸਿਰ ਵਜਦੀ ਕਰ ਦਿੱਤੀ । ਹਫਿਆ – ਖਫਿਆ ਦੀਪੂ ਅਗਲਾ ਮੋੜ ਲੰਘ ਕੇ ਸਕੂਲ ਨੂੰ ਜਾਂਦੇ ਪੱਕੇ ਰਾਹ ‘ ਤੇ ਜਾ ਚੜਿਆ । ਕਰੀਬ ਦੋ ਫਰਲਾਂਗ ਪੈਡਾ ਅਜੇ ਬਾਕੀ ਸੀ । ਉਸਨੇ ਆਪਣੀ ਦੌੜ ਹੋਰ ਤੇਜ ਕਰ ਦਿੱਤੀ ।
ਉਸਨੂੰ ਡਰ ਜਿਹਾ ਲੱਗਣ ਲੱਗਾ – ‘’ ਸਕੂਲ ਪੀ. ਟੀ.ਆਈ . ਫਿਰ ਉਸਨੂੰ ਗੇਟ ਸਾਹਮਣੇ ਖੜ੍ਹਾ ਦਿਸੇਗਾ । ਉਸਦੀ ਜ਼ੋਰਦਾਰ ਝਿੜਕ ਫਿਰ ਉਸਨੂੰ ਉਭਾਸਰ ਕੇ ਪਵੇਗੀ । ਝਿੜਕ ਨਾਲੋਂ ਵੱਧ ਡਰਾਉਣਾ ਉਸਦਾ ਗੰਦਾ-ਮੰਦਾ ਗਾਲੀ – ਗਲੋਚ । .... ਲੇਟ ਆਉਣ ਦੀ ਸ਼ਜਾ ਵੱਖ , ਬਿਨਾਂ ਵਰਦੀਓਂ ਹੱਥਾਂ ‘ ਤੇ ਜਾਂ ਫਿਰ ਕੁੱਲ੍ਹਿਆ ‘ ਤੇ , ਕੰਨ ਫੜ ਕੇ । ਉਹ ਹੱਥ-ਕੁੱਲੇ ਮਲ਼ਦਾ ਸੀ-ਸੀ ਕਰਦਾ , ਮੁੜ ਆਪਣੀ ਜਮਾਤ ਵਿਚ ਜਾ ਰਲੇਗਾ । ਪਰ , ਉਸ ਦਿਨ ... ਉਸ ਦਿਨ ਹੱਥਾਂ –ਕੁੱਲਿਆਂ ‘ ਤੇ ਬੈਤਾਂ ਦੀ ਥਾਂ ਉਸਦੀਆਂ ਲੱਤਾਂ ‘ ਚ ਵੱਜੀ , ਇਕੋ ਇਕ ਬੈਂਤ ਉਸਤੋਂ ਬਰਦਾਸ਼ਤ ਨਹੀਂ ਸੀ ਹੋਈ । ਪ੍ਰਾਰਥਨਾ ਸਭਾ ‘ ਚੋਂ ਮੁੜਦਾ ਉਹ ਪਹਿਲਾ ਪੀਰੀਅਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਕੂਲੋਂ ਖਿਸਕ ਗਿਆ ਸੀ ।
.... ਪਹਿਲੀ ਘੰਟੀ ਮੁੱਕਣ ‘ ਤੇ ਕਲਾਸ ਕਮਰਿਆਂ ‘ ਚੋਂ ਉਠੀ ਹਲਕੀ ਜਿਹੀ ਬੋਲਚਾਲ , ਦੋ-ਚਾਰ ਮਿੰਟਾਂ ਅੰਦਰ ਹੀ ਬੰਦ ਹੋ ਗਈ । ਪਰ , ਦਫ਼ਤਰੋਂ ਬਾਹਰ ਚੁੱਪਚਾਪ ਖੜੋਤੇ ਰਾਮਪਾਲ ਅੰਦਰਲੀ ਹਲਚਲ ਅਜੇ ਵੀ ਉਵੇਂ ਤਰਲੋ-ਮੱਛੀ ਹੋ ਰਹੀ ਸੀ ।
ਉਸ ਲਾਗਿਓਂ ਬਿਨਾਂ ਰੁਕੇ ਸਾਹਮਣਲੇ ਕਲਾਸ ਕਮਰਿਆਂ ਵੱਲ ਲੰਘੇ , ਗਿੱਲ ਪੀ.ਟੀ.ਆਈ . ਦਾ ਬੇ-ਤਰਤੀਬਾ ਹਾਸਾ ਅਜੇ ਤੱਕ ਉਸਦੇ ਦਿਲ-ਦਿਮਾਗ ਉੱਤੇ ਠੱਕ-ਠੱਕ ਵੱਜ ਰਿਹਾ ਸੀ ।
ਤਰਲੋ – ਮੱਛੀ ਹੋਏ ਦੀ ਢਿੱਲੀ – ਢਿਮਰੀ ਤੋਰ , ਉਸਨੂੰ ਮੁੜ ਦਫਤਰ ਅੰਦਰਲੀ ਗੱਦੇਦਾਰ ਕੁਰਸੀ ਵੱਲ ਨੂੰ ਲੈ ਤੁਰੀ ।
ਪਿੱਛੇ – ਪਿੱਛੇ ਉਸਦੀ ਪੈੜ ਨੱਪਦਾ ਸਾਧੂ , ‘’ ਸਾਬ੍ਹ ਜੀ , ਦੀਪੂ ਤਾ ਹੈਅ ਨਈ ਜੀਈ , ਜਮਾਤ ‘ ਚ ...ਉਹ ਤਾਂ ਜੀ ਚਲਿਆ ਗਿਆ ਕਿਤੇ .... । ‘’
‘’ ਹੈ ਨਈ ... ! ਚਲਾ ਗਿਆ .... ? ‘’ ਹੈਰਾਨ ਹੋਇਆ ਰਾਮਪਾਲ ਕੁਰਸੀ ਤੱਕ ਪਹੁੰਚ ਕੇ ਵੀ ਇਸ ਲਾਗੇ ਖੜ੍ਹਾ-ਖੜੋਤਾ ਹੀ ਰਿਹਾ , ਬੈਠ ਨਾ ਸਕਿਆ ।
‘’ ਪਤਾਅ ਨਈ ਜੀਈ ਕਿੱਥੇ ਗਿਆ ... ਸ਼ੈਤ ਸਰਦੈਰ ਹੋਰੀ ਨਾ ਭੇਜਿਆ ਹੋਵੇ ਕਿਤੇ , ਗਿੱਲ ਸੈਬ੍ਹ ਹੋਣੀ ... ‘’, ਆਦਤ ਅਨੁਸਾਰ ਸਾਧੂ ਚੌਕੀਦਾਰ ਨੇ ਦੀਪੂ ਦੀ ਗੈਰਹਾਜ਼ਰੀ ਫਿਰ ਗਿੱਲ ਪੀ.ਟੀ.ਆਈ . ਦੀ ਸਕੂਲ ਸਰਦਾਰੀ ਨਾਲ ਜੋੜ ਦਿੱਤੀ ।
‘’ ਪਤਾ ਕਿਉਂ ਨਈ ... ! ਕੀਤਾ ਕਿਉਂ ਨਈ ਪਤਾ ... !! ਭੇਜਿਆ ਕੀ ਕਰਨ ਸੀ ਤੈਨੂੰ ... ? ਐਥੇ ਮੂੰਹ ਦੇਖਣ ਆਇਆ ਮੇਰਾ ! ਜਾਹ ਜਾ ਕੇ ਪਤਾ ਕਰ ਪੂਰਾ । ਸਿਰ ਤੋਂ ਕੰਮ ਵੀ ਲੈ ਲਿਆ ਕਰ ਕਦੀ । ਹਰ ਵੇਲੇ ਗੱਲਾਂ ਦਾ ਕੁਤਰਾ ਕਰੀ ਜਾਨਾ ਰੈਨ੍ਹਾਂ । ਹਰ ਵੇਲੇ ਓਹੀ ਮਹਾਰਨੀ । ਹਰ ਵੇਲੇ ਗਿੱਲ ਸੈਬ੍ਹ , ਸਰਦੈਰ ਸੈਬ੍ਹ ! ਗਿੱਲ ਐ ਕਿ ਹਊਆ ... । ‘’ ਤਲ਼ਖ ਹੋਏ ਰਾਮਪਾਲ ਨੇ, ਉਸ ਦੀ ਸਾਂਗ ਜਿਹੀ ਲਾਉਦਿਆਂ ਸਾਧੂ ਚੌਕੀਦਾਰ ਦੀ ਕਿੰਨੀ ਸਾਰੀ ਝਾੜ-ਝੰਭ ਕਰ ਦਿੱਤੀ ।
ਇਸ ਵਾਰ ਸਕੂਲ ਚੌਕੀਦਾਰ ਡਰਿਆ –ਘਬਰਾਇਆ ਨਹੀਂ । ਨਿੰਮੋਝਾਣ ਨਹੀਂ ਹੋਇਆ । ਸਗੋਂ ਉਸਦੀ ਹੇਠਾਂ ਨਿਗਾਹ ਉੱਪਰ ਵੱਲ ਨੂੰ ਉੱਠ ਕੇ ਸਕੂਲ ਮੁੱਖੀ ‘ ਤੇ ਗੱਡੀ ਗਈ । ਜਿਵੇਂ ਕਹਿਣਾ ਚਾਹ ਰਿਹਾ ਹੋਵੇ – ‘’ ਐਨੀ ਗੱਲ ਓਦੋਂ ਸਾਹਮਣੇ ਕਹਿੰਦਾ ਤਾਂ ! ਪਿੱਠੇ ਪਿੱਛੇ ਸਾਨ੍ਹ ਬਣਿਆਂ ਫਿਰਦਾਂ । ਚੰਗਾ ਆਪਣਾ ਬੰਦਾ ਆਂ ਤੂੰ ! ਤੈਨੂੰ ਬੋਲਣ-ਕੂਣ ਦੀ ਵੀ ਜਾਚ ਨਈ ! ਜਾਤ-ਬਰਾਦਰੀ ਕਰਕੇ ਮੈਂ ਤੈਨੂੰ ਗਰੇਵਾਲ ਹੈੱਡ ਦੀ ਕਥਾ-ਕਹਾਣੀ ਦੱਸੀ , ਨਈ ਮੇਰੇ ਅਲੋਂ ਪੈ ਢੱਠੇ ਖੂਹ ‘ ਚ ...। ‘’
ਪਰ,ਉਸਦੀ ਚੌਥਾ ਦਰਜਾ ਹੈਸੀਅਤ ਨੇ ਉਸਨੂੰ ਏਨੀ ਖੁੱਲ ਦਿੱਤੀ ਨਾ । ਉਸਦੇ ਲੜਖੜਾਉਦੇਂ ਪੈਰ ਮੁੜ ਬਾਹਰ ਵੱਲ ਨੂੰ ਹੋ ਤੁਰੇ । ਕਮਰਿਉਂ ਬਾਹਰ ਆ ਕੇ , ਉਸਦੇ ਮੂੰਹੋਂ ਨਿਕਲੀ ਕਿੰਨੀ ਸਾਰੀ ਬੁੜ-ਬੁੜ ਪੂਰਾ ਯਤਨ ਕਰਨ ‘ ਤੇ ਵੀ ਰਾਮਪਾਲ ਤੋਂ ਸਮਝੀ ਨਾ ਗਈ ।
ਇਸ ਵਾਰ ਰਾਮਪਾਲ ਨੇ ਹੋਰ ਵੀ ਜ਼ੋਰਦਾਰ ਦਬਾਕਾ ਮਾਰਕੇ ਉਸਨੂੰ ਰੋਕਿਆ – ਟੋਕਿਆ ਨਾ । ਉਸਦੀ ਗਜ਼ਟਿਡ ਹੈੱਡ-ਕੁਰਸੀ ਨੇ ਚੌਥਾ ਦਰਜਾ ਮੁਲਾਜ਼ਮ ਦੀ ਗੈਰ-ਅਨੁਸ਼ਾਸਨੀ ਹਰਕਤ ਵਿਰੁੱਧ ਕੋਈ ਐਕਸ਼ਨ ਲਈ ਉਬਾਲ ਜਿਹਾ ਨਾ ਖਾਧਾ । ਤਾਂ ਵੀ ਉਸਦੀ ਹਮਦਰਦੀ ਨੂੰ ਰਾਮਪਾਲ ਨੇ ਨੀਵੀਂ ਥਾਂ ਖੜ੍ਹੀ ਰੱਖਿਆ ।
ਆਪਣੀ ਕੁਰਸੀ ‘ ਤੇ ਡਿੱਗਣ ਵਾਂਗ ਬੈਠਦੇ ਨੂੰ ਉਸਨੂੰ ਆਪਣਾ ਆਪ ਅੱਧਾ – ਅਧੂਰਾ ਲੱਗਾ , ਅੱਵਲ ਖਾਲੀ –ਖਾਲੀ । ਰਵੀਦਾਸ ਹਾਈ ਸਕੂਲ ਬਿਤਾਏ ਸਮੇਂ ਨਾਲੋਂ ਵੀ ਖੋਖਲਾ । ਐਡੇ ਵੱਡੇ ਸਰਕਾਰੀਕ੍ਰਿਤ ਸਕੂਲ ਅੰਦਰ ਪਹੁੰਚ ਕੇ ਕਿਸੇ ਇਕ ਸਾਥ ਤੋਂ ਵਾਂਝਾ । ... ਉਸਨੂੰ ਆਪਣੇ ਆਪ ‘ ਤੇ ਢੇਰ ਸਾਰੀ ਗਿਲਾਨੀ ਹੋਈ । ਉਸਦੀ ਰੀਜ਼ਰਵ ਕਲਾਸ ਦੇ ਅਧਿਆਪਕ ਵੀ ਉਸ ਨਾਲ ਇਕ-ਜੁੱਟ ਨਹੀ ਸੀ ਹੋਏ । ਉਸਨੇ ਕਈ ਵਾਰ ਯਤਨ ਕੀਤੇ ਵੀ । ਵੇਲਾ-ਕੁਵੇਲਾ ਜਾਚ ਕੇ । ਪਰ, ਖਾਸ ਗੱਲ ਬਣੀ ਨਾ । ਉਸ ਨਾਲ ਉਹ ਬਸ ਸਾਬ੍ਹ-ਸਲਾਮ ਤੱਕ ਹੀ ਸੀਮਤ ਰਹੇ ।
ਆਪਣੇ ਕਮਰੇ ਦੀ ਵਲਗਣ ‘ ਚ ਘਿਰਿਆ ਉਹ ਕਦੀ ਦੀਪੂ ਦੇ ਨੇੜੇ ਹੋ ਖਲੋਂਦਾ , ਕਦੀ ਆਪਣੇ ਆਪ ਦੇ । ਕਦੀ ਗਿੱਲ ਪੀ.ਟੀ.ਆਈ . ‘ ਤੇ ਖਿਝਣ-ਖਪਣ ਲੱਗਦਾ , ਕਦੀ ਸਕੂਲ ਚੌਕੀਦਾਰ ‘ ਤੇ ।
ਗਰੇਵਾਲ ਹੈੱਡ ਦੀ ਕਥਾ-ਵਾਰਤਾ ਵੀ ਉਸਦਾ ਕਿੰਨਾ ਸਾਰਾ ਅੰਦਰ ਮੱਲ ਬੈਠੀ ਸੀ । ਤਾਂ ਵੀ ਉਸਦੀ ਨਵੀਂ-ਨਵੀਂ ਪਦ-ਉੱਨਤੀ ਕਿਸੇ ਵੀ ਕਿਸਮ ਦੀ ਹੇਠੀ ਸਹਿਣ ਨੂੰ ਰਾਜ਼ੀ ਨਾ ਹੋਈ ।
ਤਰਲੋਮੱਛੀ ਹੋਇਆ ਉਹ ਮੁੜ ਦਫਤਰੋਂ ਬਾਹਰ ਆ ਖੜ੍ਹਾ ਹੋਇਆ । ਸਭ ਜਮਾਤਾਂ ਆਪਣੇ ਕੰਮੀ ਲੱਗੀਆਂ , ਉਸਨੂੰ ਚੰਗੀਆਂ – ਚੰਗੀਆਂ ਲੱਗੀਆਂ । ਉਸਨੂੰ ਥੋੜ੍ਹਾ ਕੁ ਟਿਕਾਅ ਜਿਹਾ ਮਹਿਸੂਸ ਹੋਇਆ ।
ਖਾਲੀ ਕਲਾਸਾਂ ਮਨੀਟਰਾਂ ਹਵਾਲੇ ਸੌਂਪ ਕੇ , ਉਸ ਲਾਗਿਉਂ ਲੰਘਣ ਲੱਗੇ ਸਕੂਲ ਪੀ.ਟੀ.ਆਈ . ਨੂੰ ਉਸ ਤੋਂ ਪਤਾ ਨਈ ਕਿਵੇਂ ਆਵਾਜ਼ ਮਾਰੀ ਗਈ – ‘’ ਪੀ.ਟੀ. ਜੀਈ ....।‘’
‘’ ਜੀ ਜਨਾਬ ...’’, ਸਕੂਲ ਪੀ.ਟੀ.ਆਈ. ਦੇ ਬੋਲ ਇਸ ਵਾਰ ਆਦਰ-ਭਾਵ ਨਾਲ ਭਰੇ ਪਏ ਸਨ । ਉਸਦਾ ਲਾਗੇ ਆ ਖੜੋਣ ਦਾ ਸਲੀਕਾ ਹੋਰ ਵੀ ਨਿਮਰ ।
ਰਾਮਪਾਲ ਕਿੰਨਾ ਸਾਰਾ ਜਿਵੇ ਅੰਦਰੋ-ਅੰਦਰ ਧੋਤਾ ਗਿਆ ਹੋਵੇ ।
ਪ੍ਰਾਰਥਨਾ ਸਭਾ ਤੋਂ ਲੈ ਕੇ ਹੁਣ ਤੱਕ ਬਣੀ-ਵਿਗਸੀ ਤਲਖੀ ਕਿੰਨੀ ਸਾਰੀ ਉਡ-ਪੁੱਡ ਗਈ ।
‘’ ਹੁਣ ਤਾਂ ਸਾਰੇ ਬੱਚੇ ਕਰੀਬ-ਕਰੀਬ ਵਰਦੀ ਪਾ ਕੇ ਈ ਆਉਦੇਂ ਆ .... ‘’ , ਉਸ ਨੂੰ ਬਾਤ-ਵਾਰਤਾ ਤੋਰਨ ਲਈ ਛੇਤੀ ਦੇਣੀ ਇਹੋ ਨੁਕਤਾ ਅਹੁੜਿਆ ।
‘’ ਨਈ ਜੀ ਨਈ , ਹਜੇ ਵੀ ਕਈ ਹੈਗੇ ਹਰਾਮਜ਼ਾਦੇ ,ਖੋਤੇ ਦੇ ਖੁਰ , ਹੁੰਦਿਆਂ-ਸੁੰਦਿਆਂ ਵਰਦੀ ਪਾ ਕੇ ਨਈ ਆਉਂਦੇ , ਦੀਪੂ ਅਰਗੇ ....।‘’
‘’ ਏਹ ਤਾਂ ਹੈਅ ...’’ , ਸੰਖੇਪ ਜਿਹੀ ‘ ਏਹ ਤਾਂ ਹੈਅ ‘ ਕਹਿੰਦਿਆਂ ਰਾਮਪਾਲ ਨੂੰ ਸਮਝ ਨਾ ਲੱਗੀ ਕਿ ਉਸਨੇ ਗਿੱਲ ਪੀ.ਟੀ. ਆਈ .ਦੀ ਹਾਂ ‘ ਚ ਹਾਂ ਸੱਚਮੁੱਚ ਦੀਪੂ ਨੂੰ ਕਸੂਰਵਾਰ ਮੰਨਦਿਆਂ ।
ਪਲ ਛਿਨ ਲਈ ਉਹ ਫਿਰ ਅਵਾਕ ਜਿਹਾ ਹੋਇਆ ਖੜ੍ਹਾ ਰਿਹਾ ।
ਵੱਡੀ ਟਾਹਲੀ ਹੇਠ ਬੈਠੀ ਸੱਤਵੀਂ ਜਮਾਤ ਵਿਚੋਂ ਦੀਪੂ ਦਾ ਪਤਾ ਕਰਨ ਭੇਜਿਆ ਸਾਧੂ , ਉਸਨੂੰ ਸਾਇੰਸ ਰੂਮ ਪਾਸਿਉਂ ਆਉਦਾ ਦਿਸਿਆ ।
ਰਾਮਪਾਲ ਨੇ ਉਸ ‘ ਸੂਈ ਰੱਖ ਦਿੱਤੀ – ‘’ ਆ ਸਾਧੂ ਜਿਹਾ ਤੁਆਡਾ ਕੀ ਚੀਜ਼ ਐ । ਸਮਝ ਨਈ ਲੱਗੀ ਏਦੀ ! ਏਨੂੰ ਕਹੋ ਕੁਸ਼ ਹੋਰ ਕਰਦਾ ਕੁਸ਼ ਹੋਰ ਐ । ਭੇਜੋ ਕਿਸੇ ਬੰਨੀ , ਚਲਿਆ ਕਿਸੇ ਬੰਨੇ ਜਾਂਦਾ .... । ‘’
‘’ ਏਹ ... ਏਹ ਤਾਂ ਸਿਰੇ ਦਾ ਹਰਾਮੀਂ ਆ , ਕੁੱਤੇ ਦੀ ਪੂਛ ਆ ਪੂਰੀ ; ਬਾਰਾਂ ਸਾਲ ਨਲਕੇ ‘ ਚ ਰਹਿ ਕੇ ਵੀ ਵਿੰਗੀ ਦੀ ਵਿੰਗੀ । ਨਿਮਕ-ਹਰਾਮ , ਵੱਡਾ ਭੈਣ .... ‘’ , ਤੇਜ਼ ਤਰਾਰ ਰੌਅ ‘ ਚ ਬੋਲਦੇ ਨੂੰ ਗਿੱਲ ਪੀ.ਟੀ.ਆਈ . ਨੂੰ ਸਕੂਲ ਉਪਸਥਿਤੀ ਫਿਰ ਨਾ ਯਾਦ ਰਹੀ ? ਆਪਣੇ ਘਰ-ਖੇਤੀਂ ਬੋਲਣ ਵਾਲੇ ਸ਼ਬਦ ਅਜੇ ਗੰਦੀਆਂ –ਮੰਦੀਆਂ ਜਾਲ੍ਹਾਂ ਵੱਲ ਨੂੰ ਵਧਣ ਹੀ ਲੱਗੇ ਸਨ ਕਿ ਸਕੂਲ ਮੁੱਖੀ ਰਾਮਪਾਲ ਨੇ ਉਸਨੂੰ ਵਿਚਕਾਰੋਂ ਟੋਕ ਦਿੱਤਾ – ‘’ ਚਲੋ ਛੱਡੋ , ਪੀ.ਟੀ. ਜੀ , ਏਹ ਤੁਹਾਡੇ ਪਿੰਡ ਦਾ ਮਸਲਾ , ਸਕੂਲ ਪ੍ਰਬੰਧ ਨਾਲ ਨਾ ਜੋੜੋ ਏਨੂੰ ....।‘’
‘’ ਕਿਉਂ ਨਾ ਜੋੜੀਏ ,ਤੁਹਾਨੂੰ ਕੀ ਪਤਾਅ ਏ ਸਾਲਾ ਕਿੱਦਾਂ ਮਿੰਨਤਾਂ ਕਰਦਾ ਸੀਈ , ਟੇਕਨ-ਓਵਰ ਵੇਲੇ । ਏਦ੍ਹੇ ਕੁਨਬੇ ਸਾਰੇ ਨੇ ਪੈਰ ਨਈ ਸੀ ਛੱਡੇ ਬੁੜ੍ਹੇ ਸਾਡੇ ਦੇ । ਹਾਂ ਕੁਰਆ ਕੇ ਹੀ ਹਿੱਲੇ ਸੀ । ਨਾ ਏਦ੍ਹੀ ਸ਼ਕਲ ਨਾ ਅਕਲ । ਨਾ ਏਦ੍ਹੀਆ ਲੱਤਾਂ ਚਲੀਆਂ ਨਾ ਬਾਹਾਂ , ਹੁਣ ਏਸ ਟਿੱਡੇ ਜੇਏ ਦੇ ਪੈਰ ਈ ਨਈ ਭੁੰਜੇ ਲੱਗਦੇ ।ਕਦੀ ਟਪੂਸੀ ਮਾਰ ਕੇ ਐਧਰ , ਕਦੀ ਉਧਰ । ‘’
ਸਾਧੂ ਨੂੰ ਹੋਰ ਲਾਗੇ ਆਇਆ ਦੇਖਕੇ ਸਕੂਲ ਪੀ.ਟੀ.ਆਈ . ਦੀ ਗੁਸੈਲੀ ਸੁਰ ਹੋਰ ਵੀ ਤਿੱਖੀ ਹੋ ਗਈ – ‘’ ਪੁੱਛੋ ਖਾਂ ਏਨੂੰ ਭਲਵਾਨ ਦੇ ਪੁੱਤ ਨੂੰ ; ਜਤਾ ਕਿਉਂ ਨਾ ਲਈ ਨਾ ਫੇਰ ਬਾਹਮਣੀ । ਮੇਰੇ ਮੂੰਹੋ ਸੁਣਦਾ ਕੁਸ਼ ਹੋਰ । ਚੱਕਇਆ ਵਿਹੜਾ-ਪਾਰਟੀ ਦਾਆ । ਕੱਲ੍ਹ ਦੀ ਭੂਤਨੀ ਸਿਵਿਆ ਦਾ ਅੱਧ । ਸਾਰਾ ਕੁਸ਼ ਪਤਾ ਵੀ ਆ ਏਨੂੰ । ... ਏਹ ਤਾਂ ਜਿੰਨਾ ਚਿਰ ਅਹੀਂ ਆਪ ਨਈ ਛੱਡਦੇ , ਮਜਾਲ ਆ ਕਿਸੇ ਦੀ ਝਾਕ ਜੇਏ ਕੋਈ ਸਰਪੰਚੀ ਅੱਲ੍ਹ ਨੂੰ ....! ‘’
‘’ ਬਿਲਕੁਲ ਠੀਅਕ ਫ਼ਰਮਾਉਂਦੇ ਆ ਪੀ.ਟੀ. ਆਈ . ਸੈਬ੍ਹ , ਸਾਬ੍ਹ ਜੀਈ । ... ਏਹ ਤਾਂ ਜੀਈ ਵੱਡੇ ਸਰਦੈਰ ਹੋਣੀ ਐਨਾ ਡਗਾਰ ਨਾ ਹੁੰਦੇ , ਐ ਮੂੰਹਦੜੇ –ਮੂੰਹ ਡਿੱਗਦੇ ਨਾ ਮੰਜੇ ਤਾਂ , ਤਾਂ ਸਕੂਲ ਵੀ ਕਿੱਥੇ ਹੋਣ ਦੇਣ ਸੀ ਸਰਕਾਰੂ .... । ‘’
ਸਾਧੂ ਚੌਕੀਦਾਰ ਨੇ ਆਪਣੀ ਫਰਮਾ ਬਰਦਾਰੀ ਦੀ ਹਾਜ਼ਰੀ ਤਾਂ ਸਹਿ-ਸੁਭਾ ਲੁਆਈ , ਪਰ ਉਸਦੇ ਬੋਲਾਂ ਅੰਦਰਲੀ ਤਨਜ਼ ਨਾ ਰਾਮਪਾਲ ਨੇ ਸੁਣੀ , ਨਾ ਸਮਝੀ ।
ਦਫ਼ਤਰ ਮੂਹਰੇ ਖੁੱਲੀ ਥਾਂ ਖੜ੍ਹਾ ਉਹ ਵਿਹੜਾ-ਪਾਰਟੀ ਸਮੇਤ ਹਰ ਕਿਸੇ ਨੂੰ ਹੁੰਦਾ ਗਾਲ੍ਹੀ-ਗਲੋਚ ਸੁਣ ਕੇ ਤਾਂ ਜਿਵੇਂ ਤਿਲਮਲਾ ਹੀ ਗਿਆ ਸੀ ।
ਇਕ ਵਾਰ ਤਾਂ ਉਸਦੀ ਹੈੱਡਸ਼ਿੱਪ ਨੇ ਕਰਵਟ ਲਈ ਵੀ , ਸਕੂਲ ਪੀ.ਟੀ.ਆਈ . , ਅੰਦਰਲੇ ਗਿੱਲ ਪੀ.ਟੀ.ਆਈ. ਨੂੰ ਉਸਨੇ ਰੋਕਣਾ-ਟੋਕਣਾ ਵੀ ਚਾਹਿਆ – ‘’ ਬੰਦ ਕਰ ਆਹ ਬਕਵਾਸ , ਕੀ ਬਕੜਬਾਹ ਕਰੀ ਜਾਨਾਂ । ਜੇ ਚਾਰ ਸਿਆੜ ਹੈਗੇਈ ਆ ਤੇਰੇ ਕੋਲ ਤਾਂ ਕੀ ‘ ਸਮਾਨ ਚੱਕਇਆ ਸਿਰ ‘ ਤੇ ! ਹੋਰ ਵੀ ਬੰਦੇ ਆ ਤੇਰੇ ਵਰਗੇ , ਕੀੜੇ –ਮਕੌੜੇ ਨਈ ... !’’
ਪਰ , ਝੱਟ ਹੀ ਉਸਨੂੰ ਸਾਧੂ ਚੌਕੀਦਾਰ ਦੀ ਥੋੜਾ ਕੁ ਚਿਰ ਪਹਿਲੀ ਦਿੱਤੀ ਨੇਕ – ਸਲਾਹ ਚੇਤੇ ਆ ਗਈ , ‘’ ਮੈਂ ਤਾਂ ਕੈਨ੍ਹਾਂ ਸਾਬ੍ਹ ਜੀਈ ... ਤੁਸੀਂ , ਤੁਸੀਂ ਵੀ ਜੀਈ .... । ‘’
ਉਸ ਨੂੰ ਲੱਗਾ , ਇਕ ਪਾਸੇ ਨੀਵੀਂ ਪਾਈ ਚੁੱਪਚਾਪ ਖੜ੍ਹੇ , ਹਜ਼ੂਰਾ ਸਿੰਘ-ਕੁੰਦਨ ਲਾਲ ਉਸਨੂੰ ਆਪਣੇ ਲਾਗੇ ਵੱਲ ਨੂੰ ਆਉਣ ਲਈ ਲੁਕਵੇਂ-ਲੁਕਵੇਂ ਇਸ਼ਾਰੇ ਕਰ ਰਹੇ ਹਨ – ‘’ ਐਧਰ ਆ ਜਾ ਐਧਰ ... ‘ ਰਾਮ ਨਾ ਦਿਨ ਕਟੀ ਜਾ ‘ ਰਾਮ ਨਾ ... ਐਮੇਂ ਨਾ ਪੰਗਾ ਲੈ ਬੈਹੀਂ ਬਣੀ-ਤਣੀ ਰਾਜ ਵਿਵਸਥਾ ਨਾਲ । ‘ ਤੇ... ਤੇ ਉਹਨਾਂ ਦੇ ਬਿਲਕੁਲ ਦੂਜੇ ਪਾਸੇ , ਪੂਰਾ ਗੱਜ-ਬਜਾ ਕੇ , ਪੂਰੀ ਗੜ੍ਹਕਵੀ ਸੁਰ ‘ ਚ ਗਰੇਵਾਲ ਹੈਂਡ ਆਪਣੇ ਨਾਲ , ਆਪਣੇ ਵਾਂਗ ਹਿੱਕ ਤਾਣ ਕੇ ਤੁਰਨ ਲਈ ਹੱਲਾਸ਼ੇਰੀ ਦੇ ਰਿਹਾ ਹੈ – ‘’ ਤਕੜਾ ਹੋ ਤਕੜਾ , ਐਥੇ ਉਦ੍ਹੀ ਨਈ ਤੇਰੀ ਸਰਦਾਰੀ ਐ , ਤੇਰੀ । ਐਂ ਸਿਰ ਸੁੱਟਿਆਂ ਕੁਸ਼ ਨਈ ਬਣਨਾ । ਤੇਰੇ ‘ ਚ ਕਮੀ ਐਂ । ਕਿੰਨਾ ਕੁ ਚਿਰ ਡਰਿਆ ਰਹੇਂਗਾ , ਏਸ ਟੁੱਟੀ-ਖੁੱਸੀ ਕੁਨਬੇਦਾਰੀ ਤੋਂ ... । ‘’
ਦੋਨਾਂ ਸਿਰਿਆਂ ਵਿਚਕਾਰ ਖਿੱਚ-ਧੂਹ ਹੁੰਦੇ ਰਾਮਪਾਲ ਨੂੰ ਪਤਾ ਤੱਕ ਨਾ ਲੱਗਾ ਕਿ ਕਦੋਂ ਸਕੂਲ ਪੀ.ਟੀ.ਆਈ. ਉਸ ਲਾਗਿਉਂ ਫਿਰ ਕਿਸੇ ਕਲਾਸ-ਰੂਮ ਵੱਲ ਨੂੰ ਚਲਾ ਗਿਆ ਹੈ , ਤੇ ਸਕੂਲ ਚੌਕੀਦਾਰ ਸਾਧੂ ਆਪਣੀ ਰਵਾਇਤੀ ਸੁਰ ਨਾਲੋਂ ਕਾਫੀ ਧੀਮੀ ਰੌਅ ਵਿੱਚ ਦੀਪੂ ਬਾਰੇ ਕੁਝ ਦੱਸ ਰਿਹਾ ਹੈ ।
‘’ ਕੀ ਮਿਣ-ਮਿਣ ਲਾਈਓ ਆ ਤੂੰ ... ਉੱਚੀ ਬੋਲ ਉਚੀ .. ‘’, ਸਕੂਲ ਮੁੱਖੀ ਰਾਮਾਪਾਲ ਨੇ ਸਕੂਲ ਚੌਕੀਦਾਰ ਦੀ ਝਾੜ-ਝੰਭ ਕਰਕੇ ਜਿਵੇਂ ਬੇ-ਬਸੀ ਦੀ ਲਾਜ ਰੱਖੀ ਹੋਵੇ ।
‘’ ਜੀਈ ... ਜੀਈ ... ਦੀਪੂ ਤਾ ਜੀਈ ਘਰ ਨੂੰ ਚੱਲਦਿਆਂ ਗਿਆ ਮੁੜਕੇ ... ਰੋਂਦਾ –ਰੋਂਦਾ । ਉਦ੍ਹੇ ਨਾਲ ਦਾ ਨੌਮੀਂ ਦਾ ਮੁੰਡਾ ਕੈਂਦ੍ਹਾਂ ਜੀਈ , ਗੁਰਮੇਲ ਕੈਂਦ੍ਹਾਂ ਜੀਈ , ਉਦ੍ਹੀ ਨਿੱਕਰ ਜੀਈ ... ਨਿੱਕਰ ... ।‘’
ਸਕੂਲ ਚੌਕੀਦਾਰ ਨੇ ਆਪਣੇ ਵੱਲੋਂ ਕਾਫੀ ਸਾਰੇ ਉੱਚੇ ਬੋਲ ਫਿਰ ਵੀ ਜਿਵੇਂ ਰਾਮਪਾਲ ਨੂੰ ਸੁਣਾਈ ਨਹੀਂ ਸਨ ਦੇ ਰਹੇ ।

ਕਹਾਣੀਕਾਰ ਲਾਲ ਸਿੰਘ
ਨੇੜੇ ਐਸ.ਡੀ.ਐਮ.ਕੋਰਟ,
ਦਸੂਹਾ(ਹੁਸ਼ਿਆਰਪੁਰ)
(91-94655-74866)